ਜੈਪੁਰ, 6 ਜੂਨ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਇਥੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੱਦ ਕਾਰਨ ਭਾਜਪਾ ਨੂੰ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਹਾਰ ਮਿਲੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਈ ਹੋਰ ਰਾਜਾਂ ਵਿੱਚ ਵੀ ਭਾਜਪਾ ਚੋਣਾਂ ਹਾਰੇਗੀ।

ਉਹ ਅੱਜ ਇਥੇ ‘ਇੰਦਰਾ ਗਾਂਧੀ ਗੈਸ ਸਿਲੰਡਰ ਸਬਸਿਡੀ’ ਯੋਜਨਾ ਤਹਿਤ 14 ਲੱਖ ਲਾਭਪਾਤਰੀਆਂ ਨੂੰ ਸਬਸਿਡੀ ਦੇਣ ਲਈ ਕਰਵਾਏ ਗਏ ‘ਲਾਭਾਰਥੀ ਉਤਸਵ’ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਗਹਿਲੋਤ ਨੇ ਕਿਹਾ, ‘ਹਾਲ ਹੀ ਵਿੱਚ ਹੋਈਆਂ ਚੋਣਾਂ (ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ) ਵਿੱਚ ਪ੍ਰਧਾਨ ਮੰਤਰੀ ਦੀ ਜ਼ਿੱਦ ਕਾਰਨ ਭਾਰਤੀ ਜਨਤਾ ਪਾਰਟੀ ਨੂੰ ਹਾਰ ਮਿਲੀ ਹੈ। ਲੋਕਤੰਤਰ ਵਿੱਚ ਜ਼ਿੱਦ ਲਈ ਕੋਈ ਥਾਂ ਨਹੀਂ ਹੈ।’ ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਨੇ ਮੋਦੀ ਨੂੰ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਅਪਣਾਉਣ ਦੀ ਸਲਾਹ ਦਿੱਤੀ ਸੀ ਤੇ ਕਾਂਗਰਸ ਸਰਕਾਰ ਵੱਲੋਂ ਪਾਸ ਕੀਤੇ ਗਏ ‘ਰਾਈਟ ਟੂ ਹੈਲਥ ਬਿਲ 2020’ ਨੂੰ ਪੜਤਾਲਣ ’ਤੇ ਵੀ ਜ਼ੋਰ ਦਿੱਤਾ ਸੀ, ਪਰ ਨਰਿੰਦਰ ਮੋਦੀ ‘ਆਪਣੀ ਜ਼ਿੱਦ’ ’ਤੇ ਅੜੇ ਰਹੇ। ਗਹਿਲੋਤ ਨੇ ਕਿਹਾ, ‘ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਇਹ ਗੱਲ ਆਪਣੀ ਸਾਖ ’ਤੇ ਨਹੀਂ ਲੈਣੀ ਚਾਹੀਦੀ। ਪ੍ਰਧਾਨ ਮੰਤਰੀ ਬਹੁਤ ਹੀ ਅੜੀਅਲ ਹਨ, ਉਹ ਉਹੀ ਕਰਦੇ ਹਨ, ਜੋ ਉਨ੍ਹਾਂ ਨੂੰ ਚੰਗਾ ਲੱਗਦਾ ਹੈ।’ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ, ‘ਲੋਕਤੰਤਰ ਵਿੱਚ ਕਿਸੇ ਦਾ ਹੰਕਾਰ ਨਹੀਂ ਚੱਲਦਾ ਤੇ ਵੋਟਰਾਂ ਸਾਹਮਣੇ ਸਭ ਨੂੰ ਝੁਕਣਾ ਪੈਂਦਾ ਹੈ। ਇਹ ਵੋਟਰ ਹੀ ਹਨ, ਜੋ ਜਿਤਾਉਂਦੇ ਹਨ।’

ਇਸ ਮੌਕੇ ਵਿਰੋਧੀ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਸ੍ਰੀ ਗਹਿਲੋਤ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿੱਚ ਜੋ ਵਿਕਾਸ ਕਾਰਜ ਕਰਵਾਏ ਹਨ, ਉਨ੍ਹਾਂ ਕਰਕੇ ਵਿਰੋਧੀ ਪਾਰਟੀ ਕੋਲ ਬੋਲਣ ਲਈ ਕੁਝ ਨਹੀਂ ਬਚਿਆ ਹੈ। ਉਨ੍ਹਾਂ ਦੀ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਸਕੀਮਾਂ ਚੋਣਾਂ ਨੂੰ ਮੁੱਖ ਰੱਖ ਕੇ ਨਹੀਂ, ਸਗੋਂ ਵਿਕਾਸ ਨੂੰ ਮੁੱਖ ਰੱਖ ਕੇ ਲਿਆਂਦੀਆਂ ਗਈਆਂ ਹਨ।

ਇਸ ਮੌਕੇ ‘ਲਾਭਾਰਥੀ ਉਤਸਵ’ ਦੌਰਾਨ 14 ਲੱਖ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਵਿੱਤੀ ਲਾਭ ਦਿੱਤਾ ਗਿਆ। ਇਸ ਸਾਲ ਅਪਰੈਲ ਵਿੱਚ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ 76 ਲੱਖ ਪਰਿਵਾਰਾਂ ਨੂੰ 500 ਰੁਪਏ ਵਿੱਚ ਗੈਸ ਸਿਲੰਡਰ ਮੁਹੱਈਆ ਕਰਵਾਏ ਜਾ ਰਹੇ ਹਨ।