ਨਵੀਂ ਦਿੱਲੀ, 28 ਜੁਲਾਈ
ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਿਛਲੇ ਸਾਲ ਬਾਲੀ ’ਚ ਜੀ-20 ਸੰਮੇਲਨ ਦੌਰਾਨ ਰਾਤਰੀ ਭੋਜ ਮੌਕੇ ਸ਼ਿਸ਼ਟਾਚਾਰ ਵਜੋਂ ਮੁਲਾਕਾਤ ਕੀਤੀ ਸੀ ਤੇ ਇਸ ਦੌਰਾਨ ਦੁਵੱਲੇ ਰਿਸ਼ਤਿਆਂ ਨੂੰ ਸਥਿਰ ਰੱਖਣ ਦੀ ਲੋੜ ਬਾਰੇ ਚਰਚਾ ਕੀਤੀ ਸੀ।
ਦੋ ਦਿਨ ਪਹਿਲਾਂ ਚੀਨ ਦੇ ਵਿਦੇਸ਼ ਮੰਤਰਾਲੇ ਨੇ ਜੌਹੈਨਸਬਰਗ ’ਚ ਐੱਨਐੱਸਏ ਅਜੀਤ ਡੋਵਾਲ ਤੇ ਚੀਨ ਦੇ ਸਿਖਰਲੇ ਕੂਟਨੀਤਕ ਵਾਂਗ ਯੀ ਵਿਚਾਲੇ ਇੱਕ ਮੀਟਿੰਗ ’ਚ ਦਾਅਵਾ ਕੀਤਾ ਗਿਆ ਸੀ ਕਿ ਸ਼ੀ ਤੇ ਮੋਦੀ ਪਿਛਲੇ ਸਾਲ ਨਵੰਬਰ ’ਚ ਜੀ-20 ਸਿਖਰ ਸੰਮੇਲਨ ਦੌਰਾਨ ਦੁਵੱਲੇ ਸਬੰਧ ਸਥਿਰ ਰੱਖਣ ਬਾਰੇ ਇੱਕ ਅਹਿਮ ਸਹਿਮਤੀ ’ਤੇ ਪਹੁੰਚੇ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ‘ਪਿਛਲੇ ਸਾਲ ਬਾਲੀ ’ਚ ਜੀ-20 ਸੰਮੇਲਨ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਰਾਤਰੀ ਭੋਜ ਦੀ ਮੇਜ਼ਬਾਨੀ ਕੀਤੀ ਸੀ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੁਲਾਕਾਤ ਕੀਤੀ ਸੀ ਤੇ ਦੁਵੱਲੇ ਰਿਸ਼ਤਿਆਂ ਦੀ ਸਥਿਰਤਾ ਬਾਰੇ ਚਰਚਾ ਕੀਤੀ ਸੀ।’
ਉਨ੍ਹਾਂ ਕਿਹਾ, ‘ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਦ੍ਰਿੜ੍ਹਤਾ ਨਾਲ ਕਿਹਾ ਹੈ ਕਿ ਸਾਰੇ ਮਸਲੇ ਦੇ ਹੱਲ ਦੀ ਕੁੰਜੀ ਭਾਰਤ-ਚੀਨ ਸਰਹੱਦ ਦੇ ਪੱਛਮੀ ਖੇਤਰ ਵਿੱਚ ਐੱਲਏਸੀ ’ਤੇ ਸਥਿਤੀ ਨੂੰ ਹੱਲ ਕਰਨਾ ਤੇ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਬਹਾਲ ਕਰਨਾ ਹੈ।’ ਉਨ੍ਹਾਂ ਕਿਹਾ ਕਿ ਮਈ 2020 ’ਚ ਭਾਰਤ-ਚੀਨ ਸਰਹੱਦ ’ਤੇ ਬਣੀ ਸਥਿਤੀ ਮਗਰੋਂ ਇਹ ਦੋਵਾਂ ਮੁਲਕਾਂ ਦੇ ਆਗੂਆਂ ਵਿਚਾਲੇ ਜਨਤਕ ਤੌਰ ’ਤੇ ਸ਼ਿਸ਼ਟਾਚਾਰ ਵਜੋਂ ਪਹਿਲੀ ਮੁਲਾਕਾਤ ਹੋਈ ਸੀ।