ਚੰਡੀਗੜ੍ਹ : ਮੋਗਾ ਦੇ ਪਿੰਡ ਕਿੱਲੀ ਚਾਹਲ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ‘ਬਦਲਾਅ ਰੈਲੀ’ ਦਾ ਆਯੋਜਨ ਕੀਤਾ ਗਿਆ ਹੈ। ਰੈਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਬਤੌਰ ਮੁੱਖ ਮਹਿਮਾਨ ਪਹੁੰਚੇ। ਕੇਸਰੀ ਪੱਗ ਬੰਨ੍ਹ ਕੇ ਆਏ ਸ਼ਾਹ ਦਾ ਮੰਚ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਸ਼ਾਹ ਨੇ ਸਿੱਖ ਗੁਰੂਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ।

ਸ਼ਾਹ ਨੇ ਕਿਹਾ- “ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ 10 ਗੁਰੂ ਸਾਹਿਬਾਨਾਂ ਨੂੰ ਪ੍ਰਣਾਮ ਕਰਦਾ ਹਾਂ। ਮੈਂ ਗੁਰੂ ਰਵਿਦਾਸ ਜੀ ਅਤੇ ਭਗਵਾਨ ਵਾਲਮੀਕਿ ਜੀ ਨੂੰ ਵੀ ਨਮਨ ਕਰਦਾ ਹਾਂ। ਗ੍ਰਹਿ ਮੰਤਰੀ ਨੇ ਕਿਹਾ- “ਮੈਂ ਗੁਰੂ ਸਾਹਿਬਾਨਾਂ ਨੂੰ ਨਮਨ ਕਰਕੇ ਆਪਣੀ ਗੱਲ ਸ਼ੁਰੂ ਕਰਨਾ ਚਾਹੁੰਦਾ ਹਾਂ। ਜੋ ਮੇਰੇ ਸਿਰ ‘ਤੇ ਪੱਗੜੀ ਦਿਖ ਰਹੀ ਹੈ, ਉਹ ਪੂਰੇ ਭਾਰਤ ‘ਤੇ ਗੁਰੂ ਘਰ ਦੇ ਕਰਜ਼ੇ ਦਾ ਪ੍ਰਤੀਕ ਹੈ। ਅਮਰ ਬਲੀਦਾਨੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ 350ਵਾਂ ਸਾਲ ਚੱਲ ਰਿਹਾ ਹੈ। ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਕਿਹਾ ਗਿਆ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਨਾ ਹੁੰਦੇ ਤਾਂ ਦੇਸ਼ ਵਿੱਚ ਕੋਈ ਹਿੰਦੂ ਬਚਿਆ ਨਾ ਹੁੰਦਾ।

ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ 2027 ਵਿੱਚ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ- “ਅੱਜ ਤੋਂ ਅਸੀਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੇ ਹਾਂ। ਅਸੀਂ ਜਦੋਂ ਵੀ ਆਏ, ਛੋਟੇ ਭਰਾ ਦੇ ਰੂਪ ਵਿੱਚ ਆਏ, ਪਰ ਅੱਜ ਮੈਂ ਕਹਿ ਕੇ ਜਾਂਦਾ ਹਾਂ ਕਿ 2027 ਵਿੱਚ ਭਾਜਪਾ ਆਪਣੀ ਸਰਕਾਰ ਬਣਾਉਣ ਲਈ ਚੋਣ ਲੜਨ ਜਾ ਰਹੀ ਹੈ। 2027 ਦੀਆਂ ਚੋਣਾਂ ਦੌਰਾਨ ਭਾਜਪਾ ਇਕੱਲੇ ਹੀ ਚੋਣ ਲੜੇਗੀ ਅਤੇ ਪੰਜਾਬ ਵਿੱਚ ਸਰਕਾਰ ਬਣਾਵੇਗੀ। ਮੈਂ ਬਜ਼ੁਰਗਾਂ, ਮਾਵਾਂ ਅਤੇ ਭੈਣਾਂ ਤੋਂ ਆਸ਼ੀਰਵਾਦ ਲੈਣ ਆਇਆ ਹਾਂ।” ਸ਼ਾਹ ਨੇ ਕਿਹਾ ਕਿ ਅੱਜ ਤੋਂ ਉਹ ਭਾਜਪਾ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਰਹੇ ਹਨ।

ਗ੍ਰਹਿ ਮੰਤਰੀ ਨੇ ਕਿਹਾ- “ਜਿੱਥੇ 19 ਫੀਸਦੀ ਵੋਟਾਂ ਮਿਲਦੀਆਂ ਹਨ, ਉੱਥੇ ਅਗਲੀ ਸਰਕਾਰ ਭਾਜਪਾ ਦੀ ਹੀ ਬਣਦੀ ਹੈ। ਕਈ ਰਾਜਾਂ ਵਿੱਚ ਅਜਿਹਾ ਹੋਇਆ ਹੈ। ਹੁਣ ਪੰਜਾਬ ਦੀ ਵਾਰੀ ਹੈ। ਨਸ਼ੇ ਦੇ ਕਾਰੋਬਾਰ ਨੂੰ ਸਿਰਫ਼ ਭਾਜਪਾ ਹੀ ਰੋਕ ਸਕਦੀ ਹੈ। ਅਸੀਂ ਕਿਹਾ ਸੀ ਕਿ ਧਾਰਾ-370 ਹਟਾ ਦੇਵਾਂਗੇ, ਹਟਾ ਦਿੱਤੀ। ਦੇਸ਼ ਨੂੰ ਨਕਸਲ-ਮੁਕਤ ਕਰ ਦਿੱਤਾ। ਤੁਸੀਂ ਫਰਵਰੀ ਵਿੱਚ ਸਾਨੂੰ ਆਸ਼ੀਰਵਾਦ ਦੇ ਦਿਓ, ਦੋ ਸਾਲਾਂ ਵਿੱਚ ਅਸੀਂ ਨਸ਼ੇ ਦੇ ਕਾਰੋਬਾਰ ਨੂੰ ਜੜ੍ਹੋਂ ਉਖਾੜ ਦੇਵਾਂਗੇ।”