ਮੋਗਾ ਦੇ ਧਰਮਕੋਟ ਸ਼ਹਿਰ ਦੇ ਪਿੰਡ ਭਿੰਡਰ ਖੁਰਦ ਦੇ ਕੁਲਵਿੰਦਰ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਕੁਲਵਿੰਦਰ ਸਿੰਘ ਦੀ ਲਾਸ਼ ਮੋਗਾ ਦੇ ਪਿੰਡ ਜਲਾਲਾਬਾਦ ਦੀ ਨਹਿਰ ਵਿੱਚੋਂ ਮਿਲੀ ਹੈ। ਸਮਾਜ ਸੇਵਾ ਸੁਸਾਇਟੀ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।

ਕੁਲਵਿੰਦਰ ਸਿੰਘ ਕੱਲ੍ਹ ਆਪਣੇ ਮੋਟਰਸਾਈਕਲ ‘ਤੇ ਘਰੋਂ ਖੇਤ ਗਿਆ ਸੀ ਅਤੇ ਘਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ ਅਤੇ ਸੋਸ਼ਲ ਮੀਡੀਆ ‘ਤੇ ਕੁਲਵਿੰਦਰ ਦੇ ਲਾਪਤਾ ਹੋਣ ਬਾਰੇ ਪੋਸਟ ਕੀਤੀ ਅਤੇ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ। ਅੱਜ ਉਸ ਦੀ ਲਾਸ਼ ਜਲਾਲਾਬਾਦ ਦੀ ਨਹਿਰ ਵਿੱਚ ਤੈਰਦੀ ਦੇਖੀ ਗਈ, ਜਿਸ ਨੂੰ ਪਿੰਡ ਵਾਸੀਆਂ ਨੇ ਸਮਾਜ ਸੇਵਾ ਸੁਸਾਇਟੀ ਦੀ ਮਦਦ ਨਾਲ ਬਾਹਰ ਕੱਢ ਲਿਆ। ਧਰਮਕੋਟ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਰਿਵਾਰ ਦੇ ਬਿਆਨਾਂ ਮੁਤਾਬਕ ਕਾਰਵਾਈ ਕਰੇਗੀ।
ਪਿੰਡ ਭਿੰਡਰ ਦੇ ਸਰਪੰਚ ਅਤੇ ਕੁਲਵਿੰਦਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਕੁਲਵਿੰਦਰ ਬੀਤੀ ਰਾਤ ਤੋਂ ਲਾਪਤਾ ਸੀ ਅਤੇ ਉਸ ਕੋਲ ਇੱਕ ਮੋਟਰਸਾਈਕਲ ਵੀ ਸੀ ਪਰ ਅਸੀਂ ਦੇਰ ਰਾਤ ਤੱਕ ਉਸ ਦੀ ਭਾਲ ਕਰਦੇ ਰਹੇ ਅਤੇ ਉਸ ਦੀ ਲਾਸ਼ ਨਹਿਰ ਵਿੱਚੋਂ ਮਿਲੀ ਹੈ। ਹੁਣ ਸਾਨੂੰ ਨਹੀਂ ਪਤਾ ਕਿ ਇਹ ਕਿਵੇਂ ਹੋਇਆ। ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਆਇਆ ਹੈ ਅਤੇ ਉਹ ਲਾਸ਼ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਰਹੇ ਹਨ।
ਧਰਮਕੋਟ ਥਾਣਾ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਭਿੰਡਰ ਖੁਰਦ ਦੇ ਕੁਲਵਿੰਦਰ ਸਿੰਘ ਦੀ ਲਾਸ਼ ਜਲਾਲਾਬਾਦ ਦੀ ਨਹਿਰ ਵਿੱਚੋਂ ਮਿਲੀ ਹੈ। ਉਹ ਕੱਲ੍ਹ ਤੋਂ ਲਾਪਤਾ ਸੀ। ਪਰਿਵਾਰ ਵੱਲੋਂ ਦਿੱਤੇ ਗਏ ਬਿਆਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।