ਮੋਗਾ, 21 ਅਕਤੂਬਰ

ਇਥੇ ਪੁਲੀਸ ਨੇ ਲੰਘੀ ਰਾਤ ਖ਼ਤਰਨਾਕ ਗੈਂਗਸਟਰ ਹਰਮਨਦੀਪ ਸਿੰਘ ਉਰਫ਼ ਹਰਮਨ ਭਾਊ ਪਿੰਡ ਚੀਮਾ ਕਲਾਂ (ਤਰਨ ਤਾਰਨ) ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਗੈਂਗਸਟਰ ਮੋਗਾ ਜ਼ਿਲ੍ਹੇ ’ਚ ਫ਼ਿਰੌਤੀ, ਹੱਤਿਆ, ਜਾਨਲੇਵਾ ਹਮਲਿਆਂ, ਲੁੱਟਾਂ-ਖੋਹਾਂ ’ਚ ਲੋੜੀਂਦ ਸੀ। ਪੁਲੀਸ ਅਧਿਕਾਰੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰ ਰਹੇ ਹਨ ਪਰ ਮੁਲਜ਼ਮ ਦੀਆਂ ਵਾਰਦਾਤਾਂ ’ਚ ਸ਼ਮੂਲੀਅਤ ਵੇਰਵੇ ਪ੍ਰੈਸ ਕਾਨਫਰੰਸ ਵਿੱਚ ਦੱਸਣ ਦੀ ਗੱਲ ਆਖ ਰਹੇ ਹਨ। ਸੂਤਰਾਂ ਮੁਤਾਬਕ ਪੁਲੀਸ ਨੂੰ ਇਸ ਗੈਂਗਸਟਰ ਦੇ ਲੁਕਣ ਟਿਕਾਣੇ ਦੀ ਸੂਚਨਾ ਮਿਲੀ ਸੀ ਕਿ ਇਸ ਅਧਾਰ ਉੱਤੇ ਲੰਘੀ ਰਾਤ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ। ਇਹ ਗੈਂਗਸਟਰ 8 ਵਾਰਦਾਤਾਂ ਵਿੱਚ ਲੋੜੀਂਦਾ ਸੀ। ਪੁਲੀਸ ਨੇ ਗੈਂਗਸਟਰ ਕੋਲੋਂ ਫਾਰਚੂਨਰ ਗੱਡੀ ਬਰਾਮਦ ਕੀਤੀ ਹੈ, ਜੋ ਪੰਚਕੂਲਾ ਤੋਂ ਖੋਹੀ ਸੀ।