ਨਿਹਾਲ ਸਿੰਘ ਵਾਲਾ/ਮੋਗਾ , 1 ਅਗਸਤ
ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜਿਸ਼ਘਾੜੇ ਲਾਰੈਂਸ ਬਿਸ਼ਨੋਈ ਨੂੰ ਮੋਗਾ ਪੁਲੀਸ ਨੇ ਡਿਪਟੀ ਮੇਅਰ ਦੇ ਭਰਾ ‘ ਤੇ ਹਮਲੇ ਦੇ ਸਬੰਧ ਵਿੱਚ ਅੱਜ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਬਿਸ਼ਨੋਈ ਦਾ ਦਸ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਪਿਛਲੇ ਸਾਲ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਉੱਪਰ ਦੋ ਹਥਿਆਰਬੰਦ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ। ਪਿਤਾ ਨੂੰ ਬਚਾਉਣ ਆਏ ਉਸ ਦੇ ਪੁੱਤਰ ਦੇ ਪੈਰ ਵਿੱਚ ਗੋਲੀ ਲੱਗੀ ਸੀ ਪਰ ਉਸਨੇ ਹਿੰਮਤ ਦਿਖਾਉਂਦਿਆਂ ਇੱਕ ਹਥਿਆਰਬੰਦ ਮੋਨੂੰ ਡਾਗਰ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਸੀ ਅਤੇ ਉਸਦਾ ਦੂਜਾ ਸਾਥੀ ਯੋਧਾ ਫ਼ਰਾਰ ਹੋ ਗਿਆ ਸੀ। ਮੋਨੂੰ ਡਾਗਰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ।