ਪੈਰਿਸ, 4 ਜੂਨ
ਅਰਜਨਟੀਨਾ ਦੇ ਸਟਾਰ ਫੁਟਬਾਲ ਖਿਡਾਰੀ ਲਿਓਨਲ ਮੈਸੀ ਨੇ ਪੈਰਿਸ ਸੇਂਟ-ਜਰਮੇਨ (ਪੀਐੱਸਜੀ) ਕਲੱਬ ਦਾ ਅੱਜ ਆਪਣਾ ਆਖਰੀ ਮੁਕਾਬਲਾ ਖੇਡਿਆ। ਪੀਐੱਸਜੀ ਨੂੰ ਇਸ ਮੈਚ ਵਿੱਚ ਕਲੇਰਮੌਂਟ ਤੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਪੀਐੱਸਜੀ ਕਲੱਬ ਫਰਾਂਸੀਸੀ ਲੀਗ ਦਾ ਖ਼ਿਤਾਬ ਪਹਿਲਾਂ ਹੀ ਆਪਣੇ ਨਾਂ ਪੱਕਾ ਕਰ ਚੁੱਕਾ ਹੈ।
ਇਸ ਮੈਚ ਮਗਰੋਂ ਮੈਸੀ ਦੀ ਵਿਦਾਇਗੀ ਦਾ ਐਲਾਨ ਹੋਇਆ ਤਾਂ ਮੈਸੀ ਮੁਸਕੁਰਾਉਂਦੇ ਹੋਏ ਆਪਣੇ ਤਿੰਨੋਂ ਬੱਚਿਆਂ ਸਣੇ ਖੇਡ ਮੈਦਾਨ ਵਿੱਚ ਆਏ। ਪੀਐੱਸਜੀ ਦੀ ਕਲੇਰਮੌਂਟ ਤੋਂ ਹੋਈ ਹਾਰ ਕਾਰਨ ਕਲੱਬ ਦੇ ਸਮਰਥਕਾਂ ਨੇ ਮੈਸੀ ਲਈ ਕੋਈ ਸਨਮਾਨ ਨਾ ਦਿਖਾਇਆ ਅਤੇ ਬੁਲਾਰੇ ਨੇ ਜਦੋਂ ਮੈਸੀ ਦੇ ਨਾਂ ਦਾ ਐਲਾਨ ਕੀਤਾ ਤਾਂ ਪੀਐੱਸਜੀ ਸਮਰਥਕਾਂ ਵੱਲੋਂ ਹੂਟਿੰਗ ਕਰਦਿਆਂ ਰੌਲਾ-ਰੱਪਾ ਪਾਇਆ ਗਿਆ। ਫੁਟਬਾਲ ਖਿਡਾਰੀ ਮੈਸੀ ਨੇ ਪੀਐੱਸਜੀ ਦੀ ਵੈਬਸਾਈਟ ’ਤੇ ਲਿਖਿਆ, ‘‘ਮੈਂ ਇਨ੍ਹਾਂ ਦੋ ਸਾਲਾਂ ਲਈ ਕਲੱਬ, ਪੈਰਿਸ ਸ਼ਹਿਰ ਤੇ ਇਸ ਦੇ ਵਸਨੀਕਾਂ ਦਾ ਧੰਨਵਾਦੀ ਹਾਂ। ਮੈਂ ਤੁਹਾਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ।’’ ਜ਼ਿਕਰਯੋਗ ਹੈ ਕਿ ਮੈਸੀ ਦੇ ਰਹਿੰਦਿਆਂ ਪੀਐੱਸਜੀ ਨੇ ਦੋ ਵਾਰ ਫਰਾਂਸੀਸੀ ਲੀਗ ਅਤੇ ਫਰਾਂਸੀਸੀ ਚੈਂਪੀਅਨ ਟਰਾਫੀ ਦੇ ਖਿਤਾਬ ਜਿੱਤੇ ਹਨ। ਅਰਜਨਟੀਨਾ ਦੇ ਵਿਸ਼ਵ ਕੱਪ ਜੇਤੂ ਕਪਤਾਨ ਨੇ ਪੀਐੱਸਜੀ ਕਲੱਬ ਦੇ ਨਾਲ ਆਪਣੇ ਕਰਾਰ ਨੂੰ ਅੱਗੇ ਨਹੀਂ ਵਧਾਇਆ।