ਬਾਰਸੀਲੋਨਾ, ਬਾਰਸੀਲੋਨਾ ਦੇ ਕਪਤਾਨ ਲਾਇਨਲ ਮੈਸੀ ਨੇ ਯੂਰੋਪੀ ਲੀਗ ਵਿੱਚ ਸਭ ਤੋਂ ਵੱਧ ਗੋਲ ਕਰਨ ਲਈ ਅੱਜ ਛੇਵੀਂ ਵਾਰ ‘ਗੋਲਡਨ ਸ਼ੂਅ’ ਐਵਾਰਡ ਪ੍ਰਾਪਤ ਕੀਤਾ। ਮੈਸੀ ਨੇ ਲਗਾਤਾਰ ਤੀਜੀ ਵਾਰ ਇਹ ਟਰਾਫ਼ੀ ਜਿੱਤੀ ਹੈ। ਅਰਜਨਟੀਨਾ ਦੇ ਇਸ ਖਿਡਾਰੀ ਨੇ 36 ਗੋਲ ਕੀਤੇ ਹਨ, ਜੋ ਉਸ ਦੇ ਨੇੜਲੇ ਦਾਅਵੇਦਾਰ ਪੈਰਿਸ ਸੇਂਟ ਜਰਮੇਨ ਦੇ ਕਿਲੀਅਨ ਮਬਾਪੇ ਤੋਂ ਤਿੰਨ ਵੱਧ ਹਨ। ਮੈਸੀ ਦੇ ਪੁੱਤਰਾਂ ਥਿਆਗੋ ਤੇ ਮਾਤਿਓ ਨੇ ਆਪਣੀ ਮਾਂ ਐਂਟੋਨੈਲਾ ਰੋਕੁਜ਼ੋ ਦੀ ਅਗਵਾਈ ਵਿੱਚ ਆਪਣੇ ਪਿਤਾ ਨੂੰ ਇਹ ਟਰਾਫ਼ੀ ਸੌਂਪੀ। ਇਸ ਮੌਕੇ ਮੈਸੀ ਦੀ ਟੀਮ ਦੇ ਸਾਥੀ ਖਿਡਾਰੀ ਲੁਈਜ਼ ਸੁਆਰੇਜ਼ ਅਤੇ ਜੋਰਡੀ ਅਲਬਾ ਵੀ ਮੌਜੂਦ ਸਨ। ਮੈਸੀ ਨੇ ਇਹ ਐਵਾਰਡ ਆਪਣੇ ਪਰਿਵਾਰ, ਸਾਥੀ ਖਿਡਾਰੀਆਂ (ਲੁਈਜ਼ ਅਤੇ ਜੋਰਡੀ) ਨੂੰ ਸਮਰਪਿਤ ਕੀਤਾ ਹੈ। ਉਸ ਨੇ ਕਿਹਾ, ‘‘ਲੁਈਜ਼ ਅਤੇ ਜੋਰਡੀ ਦਾ ਇਸ ਐਵਾਰਡ ਵਿੱਚ ਅਹਿਮ ਯੋਗਦਾਨ ਹੈ। ਮੈਂ ਆਪਣੀ ਟੀਮ ਦੇ ਸਹਿਯੋਗ ਤੋਂ ਬਿਨਾਂ ਕੋਈ ਐਵਾਰਡ ਨਹੀਂ ਜਿੱਤ ਸਕਦਾ ਸੀ।’’ ਮੈਸੀ ਦੇ ਹੁਣ ਆਪਣੇ ਨੇੜਲੇ ਵਿਰੋਧੀ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਤੋਂ ਦੋ ਵੱਧ ਗੋਲਡਨ ਸ਼ੂਅ’ ਐਵਾਰਡ ਹੋ ਗਏ ਹਨ।