ਮੈਲਬਰਨ, 7 ਜਨਵਰੀ

ਇੱਥੋਂ ਕਰੀਬ 200 ਕਿਲੋਮੀਟਰ ਦੂਰ ਖੇਤਰੀ ਇਲਾਕੇ ਸ਼ੈਪਰਟਨ ਨੇੜੇ ਵਾਪਰੇ ਹਾਦਸੇ ’ਚ ਮਾਰੇ ਗਏ ਨੌਜਵਾਨਾਂ ਦੀ ਪਛਾਣ ਹਰਪਾਲ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ, ਬਲਜਿੰਦਰ ਸਿੰਘ ਤੇ ਕਿਸ਼ਨ ਸਿੰਘ ਵਾਸੀ ਤਰਨ ਤਾਰਨ ਅਤੇ ਭੁਪਿੰਦਰ ਕੁਮਾਰ ਵਾਸੀ ਜਲੰਧਰ ਵਜੋਂ ਹੋਈ ਹੈ। ਹਾਦਸੇ ਦੌਰਾਨ ਹਰਜਿੰਦਰ ਭੁੱਲਰ ਹੀ ਬਚਿਆ ਸੀ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਕਾਰ ਸਵਾਰਾਂ ਨੇ ਸੀਟ ਬੈਲਟ ਨਹੀਂ ਲਗਾਈ ਸੀ ਅਤੇ ਇਹ ਸਾਰੇ ਨੌਜਵਾਨ ਪੰਜਾਬ ਤੋਂ ਵਿਜ਼ਟਰ ਵੀਜ਼ੇ ’ਤੇ ਆਸਟਰੇਲੀਆ ਆਏ ਸਨ। ਸੂਬਾ ਪੁਲੀਸ ਅਣਗਹਿਲੀ ਦੇ ਪੱਖਾਂ ਤੋਂ ਹਾਦਸੇ ਦੀ ਜਾਂਚ ਕਰ ਰਹੀ ਹੈ। ਹਾਦਸੇ ’ਚ ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਦੀ ਪਛਾਣ ਨਿਰਧਾਰਿਤ ਕਰਨ ਲਈ ਅੱਜ ਡੀਐੱਨਏ ਸੈਂਪਲ ਵੀ ਲਏ ਗਏ ਹਨ। ਸਮਾਜ ਸੇਵੀ ਫੁਲਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪਰਿਵਾਰਾਂ ਨੇ ਲਾਸ਼ਾਂ ਪੰਜਾਬ ਲਿਜਾਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਸਬੰਧੀ ਕਾਗ਼ਜ਼ੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਹਾਦਸੇ ’ਚ ਸ਼ਾਮਲ ਗੱਡੀ ਦੇ ਕਾਗ਼ਜ਼ਾਤ ਪੂਰੇ ਸਨ, ਇਸ ਲਈ ਸਰਕਾਰ ਵੱਲੋਂ ਅੰਤਿਮ ਰਸਮਾਂ ਲਈ ਤੈਅ ਰਾਸ਼ੀ ਜਾਰੀ ਕੀਤੀ ਜਾਵੇਗੀ।