ਚੰਡੀਗੜ੍ਹ, 10 ਮਈ
ਛੋਟੇ ਸ਼ਹਿਰਾਂ ਦੇ ਪ੍ਰਸਿੱਧ ਵਿਅਕਤੀ ਅਕਸਰ ਡਾਂਸ ਕਰਦੇ, ਵਿਆਹ ਸਮਾਗਮਾਂ ਵਿੱਚ ਹਿੱਸਾ ਲੈਂਦੇ ਤੇ ਸ਼ਾਮਲ ਹੁੰਦੇ, ਐਵਾਰਡ ਸੋਅਜ਼ ਜਾਂ ਹੋਰ ਸਮਾਗਮਾਂ ਵਿੱਚ ਦੇਖੇ ਜਾਂਦੇ ਹਨ। ਉਹ ਇਹ ਗੱਲ ਮੰਨਦੇ ਹਨ ਕਿ ਉਹ ਅਜਿਹੇ ਸਮਾਗਮਾਂ ਵਿੱਚ ਜਾਣ ਦੀ ਵੱਡੀ ਰਕਮ ਲੈਂਦੇ ਹਨ। ਪਰ ਕੀ ਤੁਸੀਂ ਯਕੀਨ ਕਰੋਗੇ ਕਿ ਕਿਸੇ ਅਦਾਕਾਰ ਨੂੰ ਸਸਕਾਰ ਵਿੱਚ ਸ਼ਾਮਲ ਹੋਣ ਬਦਲੇ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਗਈ ਹੋਵੇ? ਜੀ ਹਾਂ, ਇਹ ਹਨ ਚੰਕੀ ਪਾਂਡੇ। ਅਦਾਕਾਰ ਨੇ ਦੱਸਿਆ ਕਿ ਸਾਲ 2009 ਵਿੱਚ ਇਕ ਕਾਰੋਬਾਰੀ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਉਸ ਨੂੰ ਪੰਜ ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਉਸ ਨੂੰ ਸਸਕਾਰ ਦੌਰਾਨ ਇਕ ਕੋਨੇ ’ਚ ਖੜ੍ਹ ਕੇ ਰੋਣ ਦਾ ਡਰਾਮਾ ਕਰਨ ਲਈ ਵੀ ਆਖਿਆ ਗਿਆ ਸੀ। ਚੰਕੀ ਪਾਂਡੇ ਨੇ ਆਖਿਆ ਕਿ ਸਸਕਾਰ ਮੌਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਨੀ ਸੀ ਕਿ ਕਾਰੋਬਾਰੀ ਨੇ ਉਸ ਦੀ ਫ਼ਿਲਮ ਵਿਚ ਪੈਸੇ ਲਾਏ ਹਨ ਅਤੇ ਹੁਣ ਪੀੜਤ ਪਰਿਵਾਰ ਕਰਜ਼ਾ ਨਹੀਂ ਮੋੜ ਸਕੇਗਾ। ਉਸ ਨੇ ਆਖਿਆ,‘‘ਉਹ ਚਾਹੁੰਦੇ ਸਨ ਕਿ ਮੈਂ ਸਸਕਾਰ ਦੌਰਾਨ ਇੱਕ ਪਾਸੇ ਖੜ੍ਹ ਕੇ ਰੋਣਾ-ਧੋਣਾ ਕਰਦਾ ਰਹਾਂ। ਉਨ੍ਹਾਂ ਆਖਿਆ ਸੀ ਕਿ ਇਸ ਨਾਲ ਸ਼ਾਹੂਕਾਰ ਸਮਝਣਗੇ ਕਿ ਕਾਰੋਬਾਰੀ ਨੇ ਚੰਕੀ ਪਾਂਡੇ ਸਣੇ ਕੁਝ ਹੋਰ ਅਦਾਕਾਰਾਂ ਨਾਲ ਰਲ ਕੇ ਫ਼ਿਲਮਾਂ ਵਿਚ ਪੈਸੇ ਲਾਏ ਹਨ।” ਹਲਾਂਕਿ ਚੰਕੀ ਪਾਂਡੇ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਅਤੇ ਪਰਿਵਾਰ ਦੀ ਹਾਲਤ ਦੇਖਦਿਆਂ ਕਿਸੇ ਹੋਰ ਅਦਾਕਾਰ ਕੋਲ ਭੇਜ ਦਿੱਤਾ। ਚੰਕੀ ਪਾਂਡੇ ਨੇ ਆਖਿਆ,‘‘ਮੈਂ ਉਸ ਅਦਾਕਾਰ ਦਾ ਨਾਮ ਨਹੀਂ ਦੱਸ ਸਕਦਾ ਜਿਸ ਨੇ ਇਹ ਪੇਸ਼ਕਸ਼ ਖੁਸ਼ੀ-ਖੁਸ਼ੀ ਸਵੀਕਾਰ ਲਈ ਸੀ। ਕਿਸੇ ਥਾਂ ’ਤੇ ਕੁਝ ਮਿੰਟਾਂ ਲਈ ਬੁੱਤ ਵਾਂਗ ਖੜ੍ਹਨ ਬਦਲੇ ਪੰਜ ਲੱਖ ਰੁਪਏ ਮਿਲਣੇ ਕੋਈ ਛੋਟੀ ਰਕਮ ਨਹੀਂ ਕਿਉਂਕਿ ਤੁਸੀਂ ਕਿਹੜਾ ਉਥੇ ਕੋਈ ਵਿਚਾਰ ਚਰਚਾ ਕਰਨੀ ਸੀ।’’