ਮੁੰਬਈ, 5 ਜੁਲਾਈ

ਹਾਲ ਹੀ ਵਿੱਚ ਰਿਲੀਜ਼ ਹੋਈ ‘ਹਸੀਨ ਦਿਲਰੁਬਾ’ ਦੀ ਸਕਰੀਨ ਰਾਈਟਰ ਕਨਿਕਾ ਢਿੱਲੋਂ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਗੁੰਝਲਦਾਰ ਅਤੇ ਵੱਖਰੇ ਕਿਰਦਾਰ ਹਮੇਸ਼ਾ ਆਪਣੇ ਵੱਲ ਖਿੱਚਦੇ ਹਨ। ਅੱਜ ਇੱਥੇ ਆਈਏਐੱਨਐੱਸ ਨਾਲ ਗੱਲ ਕਰਦਿਆਂ ਕਨਿਕਾ ਨੇ ਦੱਸਿਆ, ‘‘ਅਸੀਂ ਸਾਰੇ ਹੀ ਅਸਲ ਜ਼ਿੰਦਗੀ ਵਿੱਚ ਥੋੜ੍ਹੇ ਗੁੰਝਲਦਾਰ, ਅਸਥਿਰ ਤੇ ਮਜ਼ਾਕੀਆ ਅਤੇ ਕਦੇ-ਕਦੇ ਹਾਸੋਹੀਣੇ ਹੁੰਦੇ ਹਾਂ। ਇਹੀ ਸਾਡੇ ਜੀਵਨ ਨੂੰ ਮਜ਼ੇਦਾਰ ਬਣਾਉਂਦਾ ਹੈ ਅਤੇ ਮੈਂ ਇਹੀ ਚੀਜ਼ ਆਪਣੇ ਕਿਰਦਾਰ ਜ਼ਰੀਏ ਸਕਰੀਨ ’ਤੇ ਦਿਖਾਉਣਾ ਚਾਹੁੰਦੀ ਸੀ ਕਿਉਂਕਿ ਅਸਲ ਜ਼ਿੰਦਗੀ ਵਿੱਚ ਜਾਂ ਰੀਲ ਦੀ ਦੁਨੀਆ ਵਿੱਚ ਵਿਚਰਦੇ ਲੋਕਾਂ ਨੂੰ ਮੈਂ ਸਮਝ ਨਹੀਂ ਪਾਉਂਦੀ। ਲੋਕ ਆਪਣੇ-ਆਪ ਵਿੱਚ ਖੂਬਸੂਰਤ ਹਨ ਅਤੇ ਸੰਪੂਰਨ ਹਨ ਅਤੇ ਜਦੋਂ ਕੋਈ ਚੀਜ਼ ਸੁੰਦਰ ਅਤੇ ਸੰਪੂਰਨ ਹੁੰਦੀ ਹੈ ਤਾਂ ਕੁਝ ਵੀ ਕਰਨ ਦੀ ਗੁੰਜਾਇਸ਼ ਬਾਕੀ ਨਹੀਂ ਰਹਿੰਦੀ। ਤੁਸੀਂ ਦੂਰ ਖੜ੍ਹ ਕੇ ਸਿਰਫ਼ ਉਸ ਨੂੰ ਦੇਖ ਸਕਦੇ ਹੋ।’’ ਕਨਿਕਾ ਨੇ ‘ਹਸੀਨ ਦਿਲਰੁਬਾ’ ਵਿੱਚ ਤਾਪਸੀ ਪੰਨੂ ਦੇ ਕਿਰਦਾਰ ਰਾਣੀ ਦੀ ਗੱਲ ਕਰਦਿਆਂ ਦੱਸਿਆ ਕਿ ਰਾਣੀ ਆਪਣੇ ਪਰਿਵਾਰ ਦੀ ਇੱਛਾ ਅਨੁਸਾਰ ਵਿਆਹ ਕਰਵਾਉਂਦੀ ਹੈ ਅਤੇ ਹਰ ਉਸ ਪ੍ਰੇਸ਼ਾਨੀ ਦਾ ਸਾਹਮਣਾ ਕਰਦੀ ਹੈ, ਜੋ ਵਿਆਹ ਤੋਂ ਬਾਅਦ ਕੁੜੀਆਂ ਆਮ ਹੀ ਕਰਦੀਆਂ ਹਨ ਪਰ ਇਸ ਦੇ ਬਾਵਜੂਦ ਉਹ ਸਮਾਜ ਵੱਲੋਂ ਬਣਾਏ ਗਏ ‘ਚੰਗੀ ਕੁੜੀ’ ਦੇ ਫਰੇਮ ਵਿੱਚੋਂ ਬਾਹਰ ਨਿਕਲ ਕੇ ਆਪਣੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਬਾਰੇ ਖੁੱਲ੍ਹ ਕੇ ਗੱਲ ਕਰਦੀ ਹੈ, ਜਿਨ੍ਹਾਂ ਬਾਰੇ ਗੱਲ ਕਰਦਿਆਂ ਲੋਕ ਅੱਜ ਵੀ ਹਿਚਕਚਾਉਂਦੇ ਹਨ। ਲੇਖਕਾ ਕਹਿੰਦੀ ਹੈ ਕਿ ਉਹ ਫਿਲਮ ਵਿੱਚ ਜਾਣ-ਬੁੱਝ ਕੇ ਅਜਿਹਾ ਕਿਰਦਾਰ ਦਿਖਾਉਣਾ ਚਾਹੁੰਦੀ ਸੀ ਤਾਂ ਕਿ ਨਾਰੀਵਾਦ ਦੀ ਵੱਖਰੀ ਪਰਿਭਾਸ਼ਾ ਲੋਕਾਂ ਸਾਹਮਣੇ ਰੱਖੀ ਜਾ ਸਕੇ।