ਵਿਨੀਪੈਗ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਬ੍ਰਾਇਨ ਪੋਲੀਸਟਰ ਇੱਥੋਂ ਦੇ 23ਵੇਂ ਪ੍ਰੀਮੀਅਰ ਬਣਨਗੇ। ‘ਟੋਰੀਜ਼’ ਨੇ ਵਿਧਾਨ ਸਭਾ ਦੀਆਂ 57 ਵਿਚੋਂ 36 ਸੀਟਾਂ ਉੱਤੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਐੱਨਡੀਪੀ ਨੂੰ 18 ਅਤੇ ਲਿਬਰਲ ਨੂੰ ਸਿਰਫ਼ 3 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਬ੍ਰਾਇਨ ਪੋਲੀਸਟਰ ਨੇ ਆਪਣੇ ਖ਼ੁਸ਼ੀ ਵਿਚ ਖੀਵੇ ਹੋਏ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਿੰਨੀ ਵਧੀਆ ਰਾਤ ਹੈ। ਅੱਜ ਨਾਲੋਂ ਆਉਣ ਵਾਲੀ ਸਵੇਰ ਹੋਰ ਵੀ ਸੋਹਣੀ ਹੋਵੇਗੀ। ਐੱਨਡੀਪੀ ਪਾਰਟੀ ਦੇ ਪ੍ਰਧਾਨ ਬੇਬ ਕਿਨੀਓ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਵਿੱਚ 13 ਉਮੀਦਵਾਰ ਪਹਿਲੀ ਵਾਰ ਚੋਣ ਜਿੱਤੇ ਹਨ, ਜਿਨ੍ਹਾਂ ਵਿੱਚ 11 ਐੱਨਡੀਪੀ ਪਾਰਟੀ ਅਤੇ 2 ਉਮੀਦਵਾਰ ਪੀਸੀ ਪਾਰਟੀ ਨਾਲ ਸੰਬਧਤ ਹਨ। ਚੋਣਾਂ ਦੌਰਾਨ ਮੈਦਾਨ ਵਿਚ ਨਿੱਤਰੇ ਪੰਜਾਬੀ ਮੂਲ ਦੇ 11 ਉਮੀਦਵਾਰਾਂ ਵਿਚੋਂ ਸਿਰਫ਼ ਐੱਨਡੀਪੀ ਦੇ ਦਿਲਜੀਤ ਪਾਲ ਬਰਾੜ ਤੇ ਮਿੰਟੂ ਸੰਧੂ ਹੀ ਜਿੱਤਣ ਵਿੱਚ ਸਫ਼ਲ ਹੋਏ। ਮੇਪਲਜ਼ ‘ਵਿਧਾਨ ਸਭਾ ਹਲਕੇ ਤੋਂ ਵਿਧਾਇਕ ਮਿੰਟੂ ਸੰਧੂ ਨੇ ਲਿਬਰਲ ਪਾਰਟੀ ਦੇ ਦੀਪ ਬਰਾੜ ਨੂੰ 2070 ਵੋਟਾਂ ਦ ਮੁਕਾਬਲੇ 2744 ਵੋਟਾਂ ਨਾਲ ਚੁਣੇ ਗਏ ਹਨ। ਅਮਨ ਸੰਧੂ 1824 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੀ। ਬੋਰੋਜ਼ ਹਲਕੇ ਤੋਂ ਦਿਲਜੀਤਪਾਲ ਸਿੰਘ ਬਰਾੜ ਨੇ 2536 ਵੋਟਾਂ ਹਾਸਲ ਕਰਦਿਆਂ ਪੀਸੀ ਪਾਰਟੀ ਦੀ ਜੈਸਮੀਨ ਬਰਾੜ ਨੂੰ ਹਰਾਇਆ, ਜਿਸ ਨੂੰ 1680 ਵੋਟਾਂ ਮਿਲੀਆਂ ’ਤੇ ਲਿਬਰਲ ਪਾਰਟੀ ਦੇ ਸਰਬਜੀਤ ਗਿੱਲ 1170 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੇ। ਇਸ ਤੋਂ ਇਲਾਵਾ ਰੈਡੀਸਨ ਹਲਕੇ ਤੋਂ ਰਾਜ ਸੰਧੂ ਤੇ ਫੋਰਟ ਰਿੰਚਮਡ ਤੋਂ ਤਨਜੀਤ ਨਾਗਰਾ ਬਹੁਤ ਥੋੜ੍ਹੀਆਂ ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ। ਟਿੰਡਲ ਪਾਰਕ ਹਲਕੇ ਤੋਂ ਦਲਜੀਤ ਕੈਂਥ ਤੀਜੇ ਸਥਾਨ ’ਤੇ ਰਹੇ। ਕਿਰਨ ਗਿੱਲ ਤੇ ਬਲਜੀਤ ਸ਼ਰਮਾ ਨੂੰ ਬਹੁਤ ਘੱਟ ਵੋਟਾਂ ਮਿਲੀਆਂ।