ਵਿਨੀਪੈਗ, ਮੈਨੀਟੋਬਾ ਸੂਬੇ ਦੀ ਸਰਕਾਰ ਨੇ ਸੂਬੇ ਵਿਚ ਘੱਟੋ-ਘੱਟ ਤਨਖ਼ਾਹ ਵਿਚ 30 ਸੈਂਟ ਦਾ ਵਾਧਾ ਕਰਨ ਦਾ ਫ਼ੈਸਲਾ ਲਿਆ ਹੈ। ਇਹ ਵਾਧਾ ਇਸ ਸਾਲ ਅਕਤੂਬਰ ਮਹੀਨੇ ਵਿਚ ਲਾਗੂ ਹੋ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬੇ ਦੇ ਮੰਤਰੀ ਬਲੇਨ ਪੈਟਰਸਨ ਨੇ ਕਿਹਾ ਕਿ ਸਰਕਾਰ ਨੇ ਇਸ ਸਾਲ ਅਕਤੂਬਰ ਮਹੀਨੇ ਤੋਂ ਘੱਟੋ-ਘੱਟ ਤਨਖ਼ਾਹ 11.35 ਡਾਲਰ ਪ੍ਰਤੀ ਤੋਂ ਵਧਾ ਕੇ 11.65 ਡਾਲਰ ਪ੍ਰਤੀ ਘੰਟਾ ਕਰਨ ਦਾ ਫ਼ੈਸਲਾ ਲਿਆ ਹੈ। ਇਹ ਵਾਧਾ ਪਿਛਲੇ ਸਾਲ 2018 ਦੀ ਮਹਿੰਗਾਈ ਦਰ ’ਤੇ ਆਧਾਰਿਤ ਹੈ, ਜੋ ਪਿਛਲੇ ਸਾਲ 20 ਸੈਂਟ ਦੇ ਵਾਧੇ ਨਾਲ 11.35 ਡਾਲਰ ਪ੍ਰਤੀ ਘੰਟਾ ਕੀਤਾ ਗਿਆ ਸੀ ਅਤੇ ਇਸ ਸਾਲ ਇਹ 30 ਸੈਂਟ ਦੇ ਵਾਧੇ ਨਾਲ 11.65 ਡਾਲਰ ਪ੍ਰਤੀ ਘੰਟਾ ਕੀਤਾ ਜਾ ਰਿਹਾ ਹੈ।
ਮੈਨੀਟੋਬਾ ਸੂਬੇ ਵਿਚ 1921 ਵਿਚ ਘੱਟੋ-ਘੱਟ ਤਨਖ਼ਾਹ 0.25 ਸੈਂਟ, 2001 ਵਿਚ ਘੱਟੋ-ਘੱਟ ਤਨਖ਼ਾਹ 6.25 ਡਾਲਰ ਤੇ 2011 ਵਿਚ ਘੱਟੋ-ਘੱਟ ਤਨਖ਼ਾਹ 10.00 ਡਾਲਰ ਸੀ। ਇਸ ਵਾਧੇ ਤੋਂ ਨਾਖ਼ੁਸ਼ ਸੂਬੇ ਦੇ ਮਜ਼ਦੂਰ ਸੰਘ ਦੇ ਪ੍ਰਧਾਨ ਕੇਵਿਨ ਰੇਬੇਕ ਨੇ ਕਿਹਾ ਕਿ ਇਹ ਵਾਧਾ ਕਾਫ਼ੀ ਨਹੀਂ ਹੈ। ਉਨ੍ਹਾਂ ਨੇ ਸਰਕਾਰ ਨੂੰ ਸਿਫ਼ਾਰਸ਼ ਕੀਤੀ ਹੈ ਕਿ ਇਹ ਤਨਖਾਹ ਘੱਟੋ-ਘੱਟ 15 ਡਾਲਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ। ਦੂਸਰੇ ਸੂਬਿਆਂ ਅਲਬਰਟਾ ਵਿਚ ਇਹ ਦਰ 15 ਡਾਲਰ ਪ੍ਰਤੀ ਘੰਟਾ, ਉਂਟਾਰੀਓ ਵਿਚ 14 ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਕੀਤੇ ਜਾਣ ਦੀ ਸੰਭਾਵਨਾ ਹੈ।