ਵਿਨੀਪੈਗ, 4 ਜੂੁਨ
ਮੈਨੀਟੋਬਾ ਵਿਚ ਸਮਲਿੰਗੀ ਕਮਿਊਨਿਟੀ ਦੀ ਐਸੋਸੀਅਸ਼ਨ ਐੱਲਜੀਬੀਟੀ ਨੇ ਅੱਜ 32ਵਾਂ ਪ੍ਰਾਈਡ ਸੈਲੀਬ੍ਰੇਸ਼ਨ ਸ਼ਹਿਰ ਵਿਚ ਕੀਤਾ ਤੇ ਪਰੇਡ ਕੀਤੀ, ਜਿਸ ਵਿਚ ਤਕਰੀਬਨ 45,000 ਵਿਅਕਤੀਆਂ ਨੇ ਸ਼ਿਰਕਤ ਕੀਤੀ। ਪ੍ਰਾਈਡ ਵੀਕ ਫੈਸਟੀਵਲ ਦੀ ਸ਼ੁਰੂਆਤ ਮੌਕੇ ਸਿਟੀ ਹਾਲ ਵਿਚ ਸਤਰੰਗੀ ਝੰਡਾ ਫਹਿਰਾਇਆ ਗਿਆ। ਪਰੇਡ ਵਿਚ ਕਾਲਜਾਂ, ਸਕੂਲਾਂ, ਬੈਂਕਾਂ, ਵੱਖ ਵੱਖ ਅਦਾਰਿਆਂ ਤੇ ਸਿਆਸੀ ਪਾਰਟੀਆਂ ਨਾਲ ਸਬੰਧਤਿ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਸਮਰਥਨ ਦਿੱਤਾ।
ਇਸ ਦੌਰਾਨ ਸ਼ਹਿਰ ਦੇ ਮੇਅਰ ਨੇ ਕਿਹਾ, ‘‘ਮੈਨੂੰ ਮਾਣ ਹੈ ਕਿ ਪਿਛਲੇ ਸਾਲਾਂ ਦੌਰਾਨ ਮੈਂ ਬਹੁਤ ਸਾਰੇ ਪ੍ਰਾਈਡ ਫ਼ੈਸਟੀਵਲ ਫਲੈਗ ਰੇਜ਼ਿੰਗ ਸਮਾਗਮਾਂ ਵਿਚ ਸ਼ਾਮਿਲ ਹੋਇਆ ਹਾਂ ਅਤੇ ਹੁਣ ਮੈਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਅੱਜ ਅਸੀਂ ਇੱਥੇ ਐਲ.ਜੀ.ਬੀ.ਟੀ. ਕਮਿਊਨਿਟੀ ਦੀ ਵਿਭਿੰਨਤਾ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਹਾਂ।’’ ਜ਼ਿਕਰਯੋਗ ਹੈ ਕਿ ਇਹ ਪਰੇਡ 1987 ਤੋਂ ਇਕ ਦਿਨ ਤੋਂ ਸ਼ੁਰੂ ਹੋ ਕੇ ਹੁਣ 10 ਦਿਨਾਂ ਦਾ ਸਮਾਗਮ ਬਣ ਚੁੱਕਿਆ ਹੈ।
ਪ੍ਰਾਈਡ ਵਿਨੀਪੈਗ ਦੇ ਪ੍ਰਧਾਨ ਮੁਹੰਮਦ ਅਹਿਸਾਨ ਨੇ ਕਿਹਾ, ‘‘ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ ਲੱਗਦੀ ਜਦੋਂ ਪ੍ਰਾਈਡ ਫੈਸਟੀਵਲ ਸੈਕਸੂਅਲ ਘੱਟ ਗਿਣਤੀਆਂ ਖ਼ਿਲਾਫ਼ ਹੋਣ ਵਾਲੇ ਪੱਖਪਾਤ ਖ਼ਿਲਾਫ਼ ਲੜਾਈ ਦੇ ਰੂਪ ਵਿਚ ਸ਼ੁਰੂ ਹੋਇਆ ਸੀ।’’ ਉਨ੍ਹਾਂ ਕਿਹਾ ਕਿ ਇਸ ਚੰਗੇ ਸੰਸਾਰ ਵਿਚ ਕੋਈ ਵੀ ਕਿਤੇ ਵੀ, ਕਿਵੇਂ ਵੀ ਰਹਿਣ ਲਈ ਆਜ਼ਾਦ ਹੋਣਾ ਚਾਹੀਦਾ ਹੈ। ਇਸੇ ਲਈ ਅੱਜ ਸਾਰੇ ਇਕੱਠੇ ਹੋ ਕੇ ਇਹ ਜਸ਼ਨ ਮਨਾ ਰਹੇ ਹਨ। ਉਨ੍ਹਾਂ ਨੇ ਆਖਿਆ ਕਿ ਅਜੇ ਵੀ ਟਰਾਂਸਜੈਂਡਰਜ਼ ਦੇ ਅਧਿਕਾਰਾਂ ਨੂੰ ਹੋਰ ਮਜ਼ਬੂਤੀ ਦੇਣ ਲਈ ਕਾਫ਼ੀ ਕੰਮ ਕਰਨਾ ਬਾਕੀ ਹੈ।