ਸਿਨਸਿਨਾਟੀ, ਰੂਸੀ ਖਿਡਾਰੀ ਡੇਨਿਲ ਮੈਦਵੇਦੇਵ ਨੇ ਇੱਥੇ ਡੇਵਿਡ ਗੌਫਿਨ ਨੂੰ ਹਰਾ ਕੇ ਏਟੀਪੀ ਸਿਨਸਿਨਾਟੀ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਪਿਛਲੇ ਦੋ ਟੂਰਨਾਮੈਂਟ ਵਿੱਚ ਉਪ ਜੇਤੂ ਰਹੇ ਮੈਦਵੇਦੇਵ ਨੇ ਗੌਫਿਨ ਨੂੰ 7-6 (7/3), 6-4 ਨਾਲ ਸ਼ਿਕਸਤ ਦਿੱਤੀ। ਇਸ ਨੌਵਾਂ ਦਰਜਾ ਪ੍ਰਾਪਤ ਰੂਸੀ ਖਿਡਾਰੀ ਨੇ ਆਖ਼ਰੀ ਗੇਮ ਵਿੱਚ ਬਰੇਕ ਪੁਆਇੰਟ ਬਚਾਉਣ ਮਗਰੋਂ ਐੱਸ ਮਾਰ ਕੇ ਜਿੱਤ ਦਰਜ ਕੀਤੀ।
ਮਾਸਟਰਜ਼ 1000 ਵਿੱਚ ਉਸ ਦਾ ਇਹ ਪਹਿਲਾ ਖ਼ਿਤਾਬ ਹੈ। ਇਸ ਤੋਂ ਪਹਿਲਾਂ ਉਹ ਵਾਸ਼ਿੰਗਟਨ ਵਿੱਚ ਨਿੱਕ ਕਿਰਗਿਓਸ ਅਤੇ ਮੌਂਟਰੀਅਲ ਵਿੱਚ ਰਾਫੇਲ ਨਡਾਲ ਤੋਂ ਫਾਈਨਲ ਮੁਕਾਬਲਾ ਹਾਰ ਗਿਆ ਸੀ।
ਮੈਦਵੇਦੇਵ ਨੇ ਕਿਹਾ, ‘‘ਅਖ਼ੀਰ ਵਿੱਚ ਟਰਾਫ਼ੀ ਜਿੱਤਣਾ ਇੱਕ ਸ਼ਾਨਦਾਰ ਅਹਿਸਾਸ ਹੈ। ਮੈਂ ਕਾਫ਼ੀ ਥੱਕ ਗਿਆ ਹਾਂ। ਮੈਂ ਹਾਲੇ ਕੁੱਝ ਕਹਿਣ ਦੀ ਹਾਲਤ ਵਿੱਚ ਨਹੀਂ ਹਾਂ, ਪਰ ਦਰਸ਼ਕਾਂ ਨੇ ਮੇਰੇ ਅੰਦਰ ਊਰਜਾ ਭਰ ਦਿੱਤੀ।’’ ਮੈਦਵੇਦੇਵ ਨੇ ਸੈਮੀ-ਫਾਈਨਲ ਵਿੱਚ ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਹਰਾਇਆ ਸੀ। ਮੈਦਵੇਦੇਵ ਨੇ ਇਸ ਸਾਲ ਸਾਲ ਸਭ ਤੋਂ ਵੱਧ 43 ਮੈਚ ਜਿੱਤੇ ਹਨ। ਸਪੈਨਿਸ਼ ਸੁਪਰ ਸਟਾਰ ਨਡਾਲ 41 ਮੈਚ ਜਿੱਤ ਕੇ ਦੂਜੇ ਅਤੇ ਸਵਿੱਸ ਖਿਡਾਰੀ ਰੋਜਰ ਫੈਡਰਰ (39 ਮੈਚ) ਤੀਜੇ ਸਥਾਨ ’ਤੇ ਹੈ। ਨਡਾਲ ਨੇ ਇਸ ਹਫ਼ਤੇ ਕੋਈ ਮੈਚ ਨਹੀਂ ਖੇਡਿਆ। ਹਾਲੇ ਵਿੱਚ ਰੋਜਰ ਫੈਡਰਰ ਤੋਂ ਹਾਰਨ ਮਗਰੋਂ ਗੌਫਿਨ ਦਾ ਇਸ ਸਾਲ ਇਹ ਦੂਜਾ ਫਾਈਨਲ ਸੀ।