ਸੰਗਰੂਰ, 5 ਅਗਸਤ

ਮਸਤੂਆਣਾ ਸਾਹਿਬ ਵਿਖੇ ਸੰਤ ਬਾਬਾ ਅਤਰ ਸਿੰਘ ਦੀ ਯਾਦ ਵਿਚ ਬਣਨ ਵਾਲੇ ਮੈਡੀਕਲ ਕਾਲਜ ਦੀ ਜ਼ਮੀਨ ਦੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਨਵੀਂ ਪੇਸ਼ਕਸ਼ ਰੱਖੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੇ ਪੰਜਾਬ ਸਰਕਾਰ ਚਾਹੇ ਤਾਂ ਮੈਡੀਕਲ ਕਾਲਜ ਦੇ ਇੱਕ ਸਾਲ ਤੋਂ ਚੱਲ ਰਹੇ ਵਿਵਾਦ ਨੂੰ ਹੱਲ ਕਰ ਸਕਦੀ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅੱਗੇ ਦੋ ਤਜਵੀਜ਼ਾਂ ਰੱਖਦਿਆਂ ਕਿਹਾ ਕਿ ਮੈਡੀਕਲ ਕਾਲਜ ਦੀ ਜ਼ਮੀਨ ਦੀ ਰਜਿਸਟਰੀ ਰੱਦ ਕਰਕੇ 25 ਏਕੜ ਜ਼ਮੀਨ ਐਕੁਆਇਰ ਕੀਤੀ ਜਾਵੇ ਅਤੇ ਮੁੱਖ ਮੰਤਰੀ ਪੰਜਾਬ ਵਲੋਂ ਮੈਡੀਕਲ ਕਾਲਜ ਲਈ ਜ਼ਮੀਨ ਲੈਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖਿਆ ਜਾਵੇ। ਸ੍ਰੀ ਗੋਲਡੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋ-ਤਿੰਨ ਮਤੇ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜ ਚੁੱਕੀ ਹੈ ਕਿ ਐੱਸਜੀਪੀਸੀ ਜ਼ਮੀਨ ਦੇਣ ਲਈ ਤਿਆਰ ਹੈ। ਐੱਸਜੀਪੀਸੀ ਵਲੋਂ ਮੁੱਖ ਮੰਤਰੀ ਨੂੰ ਪੱਤਰ ਵੀ ਭੇਜਿਆ ਗਿਆ ਸੀ ਪਰ ਮੁੱਖ ਮੰਤਰੀ ਵਲੋਂ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਐੱਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਮੈਡੀਕਲ ਕਾਲਜ ਲਈ ਜ਼ਮੀਨ ਦੇਣ ਅਤੇ ਮਸਲੇ ਨੂੰ ਸੁਲਝਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਐੱਸਜੀਪੀਸੀ, ਟਰੱਸਟ ਜਾਂ ਕੋਈ ਵੀ ਹੋਰ ਧਿਰਾਂ ਦੇ ਦੋ-ਦੋ ਮੈਂਬਰ ਲੈ ਕੇ ਸਾਂਝੇ ਤੌਰ ’ਤੇ ਮਿਲ ਬੈਠ ਕੇ ਮਸਲੇ ਨੂੰ ਸੁਲਝਾਇਆ ਜਾ ਸਕਦਾ ਹੈ। ਜੇਕਰ ਮੁੱਖ ਮੰਤਰੀ ਚਾਹੁਣ ਅਤੇ ਜਾਂ ਕੋਈ ਵੀ ਧਿਰ ਚਾਹੇ ਤਾਂ ਸਹਿਮਤੀ ਬਣ ਸਕਦੀ ਹੈ ਪਰ ਸਰਕਾਰ ਮਸਲਾ ਸੁਲਝਾਉਣ ਲਈ ਐੱਸਜੀਪੀਸੀ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਐੱਸਜੀਪੀਸੀ ਉਪਰ ਦੋਸ਼ ਲਗਾਉਣੇ ਕਿ ਇਹ ਕਾਲਜ ਦੀ ਉਸਾਰੀ ’ਚ ਅੜਿੱਕਾ ਪਾ ਰਹੇ ਹਨ, ਬਿਲਕੁਲ ਗਲਤ ਹੈ। ਸਰਕਾਰ ਵਲੋਂ ਪੰਜਾਬ ਵਿਚ 16 ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ਸਰਕਾਰ ਸਪੱਸ਼ਟ ਕਰ ਦੇਵੇ ਕਿ ਕੀ ਬਾਕੀ 15 ਮੈਡੀਕਲ ਕਾਲਜਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਕਿੰਨੀ ਕੁ ਉਸਾਰੀ ਹੋ ਚੁੱਕੀ ਹੈ। ਇਸ ਮੌਕੇ ਅਕਾਲੀ ਆਗੂ ਤੇਜਿੰਦਰ ਸਿੰਘ ਸੰਘਰੇੜੀ, ਜੋਗਾ ਸਿੰਘ ਫੱਗੂਵਾਲਾ ਤੇ ਨਰੇਸ਼ ਕੁਮਾਰ ਮੌਜੂਦ ਸਨ। ਜ਼ਿਕਰਯੋਗ ਹੈ ਕਿ 5 ਅਗਸਤ 2022 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ ਪਰ ਸਾਲ ਬੀਤਣ ’ਤੇ ਉਸਾਰੀ ਤਾਂ ਕੀ ਸ਼ੁਰੂ ਹੋਣੀ ਸੀ ਸਗੋਂ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਵੀ ਕਿਸੇ ਤਣ ਪੱਤਣ ਲਈ ਲੱਗਿਆ।