ਟੋਰਾਂਟੋ— ਕਰਿਆਨਾ ਸਟੋਰ ਚੇਨ ਮੈਟਰੋ ਦਾ ਕਹਿਣਾ ਹੈ ਕਿ ਆਧੁਨਿਕ ਤੇ ਆਟੋਮੈਟਿਕ ਸਿਸਟਮ ਨੂੰ ਅਪਣਾਇਆ ਜਾ ਰਿਹਾ ਹੈ, ਜਿਸ ਲਈ 400 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਪ੍ਰਕਿਰਿਆ ਦੇ ਮੱਦੇਨਜ਼ਰ 2021 ਤੱਕ 280 ਨੌਕਰੀਆਂ ਖਤਮ ਹੋ ਜਾਣਗੀਆਂ। 
ਜਾਣਕਾਰੀ ਮੁਤਾਬਕ ਕੰਪਨੀ ਵਲੋਂ ਇਸ ਪ੍ਰਕਿਰਿਆ ਦੌਰਾਨ 180 ਫੁੱਲ ਟਾਈਮ ਤੇ 100 ਪਾਰਟ ਟਾਈਮ ਅਹੁਦਿਆਂ ਨੂੰ ਖਤਮ ਕਰ ਦਿੱਤਾ ਜਾਵੇਗਾ। ਅਗਸਤ ਮਹੀਨੇ ‘ਚ ਕੰਪਨੀ ਵਲੋਂ ਐਲਾਨ ਕੀਤਾ ਗਿਆ ਸੀ ਕਿ ਓਨਟਾਰੀਓ ਸਰਕਾਰ ਦੀ ਯੋਜਨਾ ਦੇ ਮੱਦੇਨਜ਼ਰ ਖਰਚਿਆਂ ‘ਚ ਕਟੌਤੀ ਕਰਨ ਦੀ ਲੋੜ ਹੈ। ਮੈਟਰੋ ਦੇ ਓਨਟਾਰੀਓ ‘ਚ 6 ਡਿਸਟਰੀਬਿਊਸ਼ਨ ਸੈਂਟਰ ਹਨ, ਜਿਨ੍ਹਾਂ ‘ਚੋਂ ਚਾਰ ਟੋਰਾਂਟੋ ‘ਚ ਤੇ 2 ਓਟਾਵਾ ‘ਚ ਹਨ। ਇਨ੍ਹਾਂ ‘ਚ 1500 ਤੋਂ ਵਧ ਕਰਮਚਾਰੀ ਕੰਮ ਕਰਦੇ ਹਨ। ਮੈਟਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਏਰਿਕ ਲਾ ਨੇ ਕਿਹਾ ਕਿ ਇਹ ਨਿਵੇਸ਼ ਕੰਪਨੀ ਨੂੰ ਵਿਕਾਸ ਤੇ ਵਿਸਥਾਰ ਜਾਰੀ ਰੱਖਣ ਲਈ ਹੋਰ ਸਮਰੱਥ ਬਣਾਏਗਾ। ਇਸ ਨਵੀਂ ਤੇ ਆਧੁਨਿਕ ਸਪਲਾਈ ਨਾਲ ਅਸੀਂ ਗਾਹਕਾਂ ਦੀਆਂ ਲੋੜਾਂ ਲਈ ਹੋਰ ਜਵਾਬਦੇਹ ਹੋਵਾਂਗੇ।