ਅੰਮ੍ਰਿਤਸਰ, ਇੱਥੇ ਹੋਏ ਹਾਦਸੇ ਦੇ ਪੀੜਤ ਪਰਿਵਾਰਾਂ ਦੇ ਗੁੱਸੇ ਦਾ ਲਾਵਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ’ਤੇ ਵੀ ਫੁੱਟਿਆ ਹੈ। ਡਾ. ਸਿੱਧੂ, ਹਾਦਸੇ ਵਾਲੀ ਥਾਂ ਮਨਾਏ ਦਸਹਿਰਾ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਗਏ ਸਨ ਤੇ ਇਹ ਇਲਾਕਾ ਸ੍ਰੀ ਸਿੱਧੂ ਦੇ ਹਲਕੇ ਵਿਚ ਪੈਂਦਾ ਹੈ। ਕ੍ਰਿਸ਼ਨਾ ਨਗਰ ਦਾ ਸਰਵਣ, ਜੋ ਸਮਾਗਮ ਵਿਚ ਮੌਜੂਦ ਸੀ, ਨੇ ਦਾਅਵਾ ਕੀਤਾ ਕਿ ਡਾ. ਸਿੱਧੂ ਸਮਾਗਮ ਵਿਚ ਦੇਰ ਨਾਲ ਪੁੱਜੇ ਸੀ, ਜਿਸ ਕਰਕੇ ਪ੍ਰਬੰਧਕਾਂ ਨੇ ਪ੍ਰੋਗਰਾਮ ਲਟਕਾਈ ਰੱਖਿਆ ਅਤੇ ਇਸ ਕਾਰਨ ਹਨੇਰਾ ਹੋ ਗਿਆ ਸੀ। ਉਧਰ, ਡਾ. ਸਿੱਧੂ ਨੇ ਕਿਹਾ ਕਿ ਅਕਾਲੀ-ਭਾਜਪਾ ਆਗੂ ਸਿਆਸੀ ਲਾਹਾ ਲੈਣ ਲਹੀ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨਿਆਂਇਕ ਜਾਂਚ ਕਰਵਾਉਂਦੇ ਹਨ ਤਾਂ ਉਹ ਉਸ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਛੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਸੀ। ਇਹ ਸਮਾਗਮ ਤੀਜਾ ਸੀ, ਜਿਥੇ ਉਹ ਸਿਰਫ਼ 10 ਮਿੰਟ ਦੇਰੀ ਨਾਲ ਪੁੱਜੇ ਤੇ 10 ਮਿੰਟ ਉਥੇ ਠਹਿਰੇ ਤੇ ਅਗਲੇ ਪ੍ਰੋਗਰਾਮ ਲਈ ਚਲੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 15 ਮਿੰਟਾਂ ਬਾਅਦ ਘਟਨਾ ਦੀ ਜਾਣਕਾਰੀ ਮਿਲੀ। ਉਨ੍ਹਾਂ ਤੁਰੰਤ ਪੁਲੀਸ ਕਮਿਸ਼ਨਰ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ (ਡਾ. ਸਿੱਧੂ) ਇੱਥੇ ਨਾ ਆਉਣ, ਕਿਉਂਕਿ ਲੋਕਾਂ ਵਿਚ ਉਨ੍ਹਾਂ ਖ਼ਿਲਾਫ਼ ਗੁੱਸਾ ਹੈ। ਉਨ੍ਹਾਂ ਕਿਹਾ ਕਿ ਇਸ ਮਗਰੋਂ ਉਹ ਸਿੱਧਾ ਸਿਵਲ ਹਸਪਤਾਲ ਚਲੇ ਗਏ। ਡਾ. ਸਿੱਧੂ ਨੇ ਰੇਲਵੇ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਲੋਕਾਂ ਨੂੰ ਰੇਲਵੇ ਟਰੈਕ ਤੋਂ ਦੂਰ ਰੱਖਣ ਲਈ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਰੇਲਵੇ ਅਧਿਕਾਰੀਆਂ ਨੂੰ ਵੀ ਚਾਹੀਦਾ ਸੀ ਕਿ ਉਹ ਰੇਲ ਗੱਡੀਆਂ ਦੇ ਅਮਲੇ ਨੂੰ ਰਫ਼ਤਾਰ ਘਟਾਉਣ ਦੀਆਂ ਹਦਾਇਤਾਂ ਦਿੰਦੇ।