ਟਕਸਟਲਾ ਗੁਟੀਰੇਜ਼ (ਮੈਕਸਿਕੋ), 11 ਦਸੰਬਰ

ਦੱਖਣੀ ਮੈਕਸਿਕੋ ’ਚ ਪਰਵਾਸੀਆਂ ਨੂੰ ਲੈ ਕੇ ਜਾ ਰਿਹਾ ਇਕ ਟਰੱਕ ਪਲਟਣ ਮਗਰੋਂ ਲੋਹੇ ਦੇ ਪੁਲ ਨਾਲ ਟਕਰਾ ਗਿਆ ਜਿਸ ਕਾਰਨ 53 ਵਿਅਕਤੀ ਮਾਰੇ ਗਏ ਜਦਕਿ 54 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ 21 ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਤਿੰਨ ਦੀ ਹਾਲਤ ਨਾਜ਼ੁਕ ਹੈ। ਹਾਦਸਾ ਚਿਆਪਾਸ ਸੂਬੇ ਦੀ ਰਾਜਧਾਨੀ ਵੱਲ ਜਾਣ ਵਾਲੇ ਰਾਜ ਮਾਰਗ ’ਤੇ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਹ ਲੋਕ ਅਮਰੀਕਾ ਜਾਣਾ ਚਾਹੁੰਦੇ ਸਨ। ਹਾਦਸੇ ’ਚ ਬਚੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਉਹ ਗੁਆਂਢੀ ਮੁਲਕ ਗੁਆਟੇਮਾਲਾ ਦੇ ਨਿਵਾਸੀ ਹਨ। ਇਕ ਵਿਅਕਤੀ ਨੇ ਦੱਸਿਆ ਕਿ ਟਰੱਕ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਸੀ ਅਤੇ ਅਚਾਨਕ ਹੀ ਪਰਵਾਸੀਆਂ ਦੇ ਵਜ਼ਨ ਨਾਲ ਉਸ ਦਾ ਤਵਾਜ਼ਨ ਵਿਗੜ ਗਿਆ ਅਤੇ ਉਹ ਉਲਟ ਗਿਆ ਅਤੇ ਫਿਰ ਪੁਲ ਨਾਲ ਟਕਰਾ ਗਿਆ। ਉਸ ਮੁਤਾਬਕ ਟਰੱਕ ’ਚ 8 ਤੋਂ 10 ਬੱਚੇ ਵੀ ਸਵਾਰ ਸਨ। ਟਰੱਕ ’ਚ 107 ਵਿਅਕਤੀ ਸਵਾਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਗੁਆਟੇਮਾਲਾ ਦੇ ਰਾਸ਼ਟਰਪਤੀ ਅਲੇਜਾਂਦਰੋ ਗਿਆਮੇਟੀ ਨੇ ਹਾਦਸੇ ’ਤੇ ਦੁੱਖ ਜ਼ਾਹਿਰ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਲੋਕਾਂ ਨੇ ਗੁਆਟੇਮਾਲਾ ਤੋਂ ਅਮਰੀਕਾ ਪਹੁੰਚਣ ਲਈ ਟਰੱਕ ਡਰਾਈਵਰ ਨੂੰ 2500 ਤੋਂ 3500 ਡਾਲਰ ਤੱਕ ਅਦਾ ਕੀਤੇ ਸਨ।