ਅਕਾਪੁਲਕੋ (ਮੈਕਸਿਕੋ)- ਆਸਟਰੇਲੀਆ ਦੇ ਨਿਕ ਕਿਰਗਿਓਸ ਨੇ ਤਿੰਨ ਪੁਆਇੰਟ ਬਚਾ ਕੇ ਸਿਖਰਲਾ ਦਰਜਾ ਹਾਸਲ ਰਾਫੇਲ ਨਡਾਲ ਨੂੰ 3-6, 7-6, 7-6 ਨਾਲ ਹਰਾ ਕੇ ਮੈਕਸਿਕੋ ਓਪਨ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਿਆ ਹੈ।
ਆਸਟਰੇਲੀਆ ਓਪਨ ਦੇ ਫਾਈਨਲ ’ਚ ਨੋਵਾਕ ਜੋਕੋਵਿਚ ਤੋਂ ਹਾਰਨ ਮਗਰੋਂ ਪਹਿਲਾ ਟੂਰਨਾਮੈਂਟ ਖੇਡ ਰਹੇ ਨਡਾਲ ਨੂੰ ਤੀਜੇ ਸੈੱਟ ’ਚ 6-3 ਨਾਲ ਲੀਡ ਬਣਾਉਣ ਤੋਂ ਬਾਅਦ ਟਾਈਬ੍ਰੇਕਰ ’ਚ ਤਿੰਨ ਮੌਕੇ ਮਿਲੇ, ਪਰ ਉਹ ਇਸ ਦਾ ਫਾਇਦਾ ਨਾ ਚੁੱਕ ਸਕਿਆ। ਹੁਣ ਇਸ ਤਰ੍ਹਾਂ ਕਿਰਗਿਓਸ ਦਾ ਨਡਾਲ ਨਾਲ ਜਿੱਤ ਦਾ ਰਿਕਾਰਡ 3-3 ਨਾਲ ਬਰਾਬਰ ਹੋ ਗਿਆ ਹੈ ਅਤੇ ਉਹ ਸੈਮੀ ਫਾਈਨਲ ’ਚ ਥਾਂ ਬਣਾਉਣ ਲਈ ਤਿੰਨ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਸਟੇਨ ਵਾਵਰਿੰਕਾ ਨਾਲ ਭਿੜੇਗਾ। ਸਵਿਟਜ਼ਰਲੈਂਡ ਦੇ ਤੀਜਾ ਦਰਜਾ ਹਾਸਲ ਵਾਵਰਿੰਕਾ ਨੇ 32 ਵਿਨਰ ਜੜ ਕੇ ਅਮਰੀਕਾ ਦੇ ਸਟੀਵ ਜਾਨਸਨ ’ਤੇ 7-6, 6-4 ਨਾਲ ਜਿੱਤ ਹਾਸਲ ਕੀਤੀ। ਮਹਿਲਾਵਾਂ ਦੇ ਵਰਗ ’ਚ ਸਿਖਰਲਾ ਦਰਜਾ ਹਾਸਲ ਸਲੋਆਨੇ ਸਟੀਫਨਜ਼ ਵੀ ਟੂਰਨਾਮੈਂਟ ਤੋਂ ਬਾਹਰ ਹੋ ਗਈ। ਉਸ ਨੂੰ ਬ੍ਰਾਜ਼ੀਲ ਦੀ ਕੁਆਲੀਫਾਇਰ ਬੀਟ੍ਰਿਜ਼ ਹਦਾਦ ਮਾਇਆ ਤੋਂ 3-6, 3-6 ਨਾਲ ਹਾਰ ਝੱਲਣੀ ਪਈ। ਹੁਣ 22 ਸਾਲਾ ਹਦਾਦ ਮਾਇਆ ਦਾ ਸਾਹਮਣਾ ਚੀਨ ਦੀ ਵਾਂਟ ਯਾਫਾਨ ਨਾਲ ਹੋਵੇਗਾ ਜਿਸ ਨੇ ਪੁਅਰਤੋ ਰਿਕੋ ਦੀ ਮੋਨਿਕਾ ਪੁਈਗ ’ਤੇ 4-1 ਨਾਲ ਲੀਡ ਬਣਾਈ ਹੋਈ ਸੀ, ਪਰ ਵਿਰੋਧੀ ਖਿਡਾਰੀ ਨੇ ਸੱਟ ਕਾਰਨ ਹਟਣ ਦਾ ਫ਼ੈਸਲਾ ਕਰ ਲਿਆ। ਦੁਨੀਆਂ ਦੀ ਸਾਬਕਾ ਨੰਬਰ ਖਿਡਾਰਨ ਬੇਲਾਰੂਸ ਦੀ ਵਿਕਟੋਰੀਆ ਅਜਾਰੈਂਕਾ ਨੇ ਤਾਤਜਾਨਾ ਮਾਰੀਆ ਨੂੰ 6-2, 6-1 ਨਾਲ ਹਰਾ ਕੇ ਕੁਆਰਟਰ ਫਾਈਨ ’ਚ ਪ੍ਰਵੇਸ਼ ਕੀਤਾ।