ਮੁੰਬਈ:ਅਦਾਕਾਰ ਰੌਨਿਤ ਰੌਏ ਦਾ ਅੱਜ ਇੰਡਸਟਰੀ ਵਿੱਚ ਵੱਡਾ ਨਾਮ ਹੈ। ਹਾਲਾਂਕਿ ਉਹ ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਦੱਸਦੇ ਹਨ ਕਿ ਜਦ ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਹ ਸਿਰਫ਼ ਸਟਾਰ ਬਣਨਾ ਚਾਹੁੰਦੇ ਸੀ। ਵੈੱਬ ਸੀਰੀਜ਼ ‘7 ਕਦਮ’ ਵਿੱਚ ਦਿਖਾਈ ਦੇਣ ਵਾਲੇ ਅਦਾਕਾਰ ਰੌਨਿਤ ਰੌਏ ਨੇ ਕਿਹਾ ਕਿ ਉਹ ਸਿਰਫ਼ ਪੈਸਾ ਤੇ ਸ਼ੋਹਰਤ ਕਮਾਉਣਾ ਚਾਹੁੰਦਾ ਸੀ ਅਤੇ ਇਹੀ ਵਜ੍ਹਾ ਹੈ ਕਿ ਉਹ ਇੱਕ ਅਦਾਕਾਰ ਵਜੋਂ ਨਹੀਂ ਉੱਭਰ ਸਕਿਆ। ਉਨ੍ਹਾਂ ਦੱਸਿਆ, ‘‘ਮੈਨੂੰ ਕੋਈ ਅੰਦਾਜ਼ਾ ਨਹੀਂ ਸੀ। ਮੈਂ ਸਿਰਫ਼ ਇੱਕ ਚਿੱਟੀ ਮਰਸਿਡੀਜ਼ ਕਾਰ ਵਾਲਾ ਸਟਾਰ ਬਣਨਾ ਚਾਹੁੰਦਾ ਸੀ। ਮੈਂ ਇੱਕ ਵੱਡਾ ਘਰ ਚਾਹੁੰਦਾ ਸੀ ਅਤੇ ਚਾਹੁੰਦਾ ਸੀ ਕਿ ਜਿੱਥੋਂ ਵੀ ਮੈਂ ਲੰਘਾਂ ਕੁੜੀਆਂ ਮੇਰਾ ਨਾਮ ਲੈ ਕੇ ਕੂਕਣ। ਇਹੀ ਕਾਰਨ ਹੈ ਕਿ ਮੈਂ ਅਦਾਕਾਰ ਵਜੋਂ ਫਲਾਪ ਹੋਇਆ।’’ ਹਾਲਾਂਕਿ ਰੌਨਿਤ ਨੇ ਟੀਵੀ ਸੀਰੀਅਲ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਅਤੇ ‘ਕਸੌਟੀ ਜ਼ਿੰਦਗੀ ਕੀ’ ਇਸੇ ਦੇ ਨਾਲ ਫਿਲਮਾਂ ਜਿਵੇਂ ‘2 ਸਟੇਟਸ’ ਅਤੇ ‘ਸਟੂਡੈਂਟਸ ਆਫ ਦਿ ਯੀਅਰ’ ਜ਼ਰੀਏ ਚੰਗਾ ਨਾਮ ਕਮਾਇਆ। ਇਸ ਵਾਰ ਉਨ੍ਹਾਂ ਆਪਣੇ ਕੰਮ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਕਿਹਾ, ‘‘ਦੂਜੀ ਵਾਰ ਮੈਂ ਸਿਆਣਪ ਦਿਖਾਈ। ਮੈਂ ਹੋਰ ਕਲਾਕਾਰਾਂ ਨੂੰ ਨੇੜਿਓਂ ਜਾਣਿਆ ਅਤੇ ਦੇਖਿਆ। ਮੈਨੂੰ ਅਹਿਸਾਸ ਹੋਇਆ ਕਿ ਇੱਕ ਜ਼ਿੰਦਗੀ ਵਿੱਚ ਇਸ ਕਲਾ ਬਾਰੇ ਸਭ ਕੁਝ ਸਿੱਖਣਾ ਅਸੰਭਵ ਹੈ। ਤੁਸੀਂ ਮੁੱਢਲੀਆਂ ਗੱਲਾਂ ਸਿੱਖੋ ਅਤੇ ਅਪਣਾਓ।’’