ਮੁੰਬਈ:ਅਦਾਕਾਰਾ ਸ਼ਵੇਤਾ ਤ੍ਰਿਪਾਠੀ ਨੇ ਕਿਹਾ ਹੈ ਕਿ ਉਹ ਵਾਤਾਵਰਨ ਪੱਖੀ ਫੈਸ਼ਨ ਨੂੰ ਉਤਸ਼ਾਹਿਤ ਕਰਦੀ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਸ਼ਵੇਤਾ ਨੇ ਕਿਹਾ, ‘‘ਮੈਂ ਸਥਾਈ ਫੈਸ਼ਨ ਦੀ ਬਹੁਤ ਵਕਾਲਤ ਕਰਦੀ ਹਾਂ ਅਤੇ ਮੈਨੂੰ ਲੱਗਦਾ ਕਿ ਜੇਕਰ ਕੋਈ ਵਾਤਾਵਰਨ ਪ੍ਰਤੀ ਸੰਜੀਦਾ ਹੈ ਤਾਂ ਉਹ ਕਿਸੇ ਵੀ ਚੀਜ਼ ਨਾਲੋਂ ਹਮੇਸ਼ਾ ਸੱਭਿਅਕ ਕੱਪੜਿਆਂ ਨੂੰ ਤਰਜੀਹ ਦੇਵੇਗਾ। ਕਫਾਇਤੀ ਸਟੋਰਾਂ ਤੋਂ ਸੈਕਿੰਡ ਹੈਂਡ ਦੁਕਾਨਾਂ ਵੱਲ ਜਾਂਦਿਆਂ, ਮੈਂ ਲੋਕਾਂ ਨੂੰ ਉਤਸ਼ਾਹਿਤ ਕਰਨਾ ਚਾਹਾਂਗੀ ਕਿ ਉਲਝਣ ਦੀ ਥਾਂ ਇਨ੍ਹਾਂ ਦੀ ਵਰਤੋਂ ਕਰੋ ਅਤੇ ਫਰਕ ਲਿਆਓ।’’ ਅਦਾਕਾਰਾ ਆਪਣੇ ਕੱਪੜਿਆਂ ਨੂੰ ਬੇਹੱਦ ਪਿਆਰ ਕਰਦੀ ਹੈ ਅਤੇ ਪੂਰਾ ਧਿਆਨ ਰੱਖਦੀ ਹੈ ਕਿ ਉਹ ਖ਼ਰਾਬ ਨਾ ਹੋਣ। ਉਸ ਨੇ ਕਿਹਾ, ‘‘ਸਮੱਸਿਆ ਇਹ ਹੈ ਕਿ ਹਰ ਕੋਈ ਸੋਚਦਾ ਹੈ ਕਿ ਕੋਈ ਹੋਰ ਇਸ ਧਰਤੀ ਨੂੰ ਬਚਾਏਗਾ। ਇਹ ਸਮਾਂ ਹੈ ਕਿ ਹੁਣ ਉੁਹ ਕੋਈ ਹੋਰ ਬਣਿਆ ਜਾਵੇ। ਜੇਕਰ ਅਸੀਂ ਸਾਰੇ ਆਪਣੇ ਹਿੱਸੇ ਦੇ ਛੋਟੇ-ਛੋਟੇ ਕੰਮ ਕਰਾਂਗੇ ਤਾਂ ਇਸ ਧਰਤੀ ਨੂੰ ਰਹਿਣ ਲਾਇਕ ਬਿਹਤਰ ਜਗ੍ਹਾ ਬਣਾ ਸਕਾਂਗੇ।’’ ਸ਼ਵੇਤਾ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ‘ਐਸਕੇਪ ਲਾਈਵ’ ਵਿੱਚ ਆਪਣੇ ਖ਼ੁਦ ਦੇ ਜੁੱਤੇ ਪਹਿਨ ਰਹੀ ਹੈ। ਉਸ ਨੇ ਕਿਹਾ, ‘‘ਐਸਕੇਪ ਲਾਈਵ ’ਚ ਆਪਣੇ ਕਿਰਦਾਰ ਲਈ ਮੈਂ ਨਵੇਂ ਜੁੱਤੇ ਖ਼ਰੀਦਣ ਦੀ ਥਾਂ ਖ਼ੁਦ ਦੇ ਜੁੱਤੇ ਪਾ ਰਹੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੇਕਰ ਇੱਥੇ ਪਹਿਲਾਂ ਹੀ ਕੁੱਝ ਫਿੱਟ ਬੈਠਦਾ ਹੈ ਤਾਂ ਨਵਾਂ ਖ਼ਰੀਦਣਾ ਬੇਲੋੜਾ ਹੈ।’’