ਮੁੰਬਈ:ਬਿੱਗ ਬੌਸ ਸੀਜ਼ਨ-14 ਦੀ ਅਹਿਮ ਮੁਕਾਬਲੇਬਾਜ਼ ਤੇ ਅਦਾਕਾਰਾ ਜੈਸਮੀਨ ਭਸੀਨ ਨੇ ਆਖਿਆ ਕਿ ਸ਼ੋਅ ਤੋਂ ਮਿਲੀ ਪ੍ਰਸਿੱਧੀ ਉਸ ਨੂੰ ਅਸਲ ਜ਼ਿੰਦਗੀ ਵਿੱਚ ਪ੍ਰਭਾਵਿਤ ਨਹੀਂ ਕਰ ਸਕਦੀ। ਜੈਸਮੀਨ ਨੇ ਆਖਿਆ,‘‘ਜੇਕਰ ਮੈਂ ਪ੍ਰਸਿੱਧੀ ਦੀ ਚਿੰਤਾ ਕਰਨ ਲੱਗ ਪਈ ਤਾਂ ਮੇਰੇ ਉਪਰ ਜ਼ਿੰਮੇਵਾਰੀਆਂ ਤੇ ਉਮੀਦਾਂ ਦਾ ਭਾਰ ਹੋ ਜਾਵੇਗਾ ਅਤੇ ਮੈਂ ਖੁਦ ਨੂੰ ਗੁਆ ਲਵਾਂਗੀ। ਮੈਂ ਹਮੇਸ਼ਾਂ ਹਰ ਗੱਲ ਮੂੰਹ ’ਤੇ ਕਹਿ ਦਿੰਦੀ ਹਾਂ ਅਤੇ ਮੈਂ ਕੁਝ ਵੀ ਕਹਿਣ ਤੋਂ ਝਿਜਕਦੀ ਨਹੀਂ। ਮੈਂ ਨਹੀਂ ਮੰਨਦੀ ਕਿ ਮੈਨੂੰ ਬਦਲਣਾ ਚਾਹੀਦਾ ਹੈ ਕਿਉਂਕਿ ਮੈਂ ਤਾਂ ਅਜਿਹੀ ਹੀ ਹਾਂ ਅਤੇ ਤਾਹੀਓਂ ਮੇਰੇ ਪ੍ਰਸ਼ੰਸਕ ਮੈਨੂੰ ਪਸੰਦ ਕਰਦੇ ਹਨ। ਮੈਂ ਇਸੇ ਤਰ੍ਹਾਂ ਅਸਲੀ ਤੇ ਜ਼ਿੰਮੇਵਾਰ ਰਹਿਣਾ ਚਾਹੁੰਦੀ ਹਾਂ। ਮੈਂ ਕਦੇ ਆਪਣੇ ਆਪ ਨੂੰ ਗੁਆਉਣਾ ਨਹੀਂ ਚਾਹੁੰਦੀ। ਮੈਂ ਅਜਿਹਾ ਕੰਮ ਕਰਨਾ ਚਾਹੁੰਦੀ ਹਾਂ ਜਿਥੇ ਮੈਂ ਲੋਕਾਂ ਨੂੰ ਪ੍ਰੇਰਿਤ ਕਰ ਸਕਾਂ ਅਤੇ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰ ਸਕਾਂ। ਇਸ ਕਰਕੇ ਮੈਂ ਸਮਾਂ ਲੈਂਦੀ ਹਾਂ। ਮੇਰੇ ਕੋਲ ਇਸ ਵੇਲੇ ਕੰਮ ਦੀਆਂ ਚਾਰ-ਪੰਜ ਪੇਸ਼ਕਸ਼ਾਂ ਹਨ। ਮੈਂ ਅੱਜ ਜੋ ਹਾਂ, ਆਪਣੇ ਚਾਹੁਣ ਵਾਲਿਆਂ ਦੇ ਪਿਆਰ ਤੇ ਸਹਿਯੋਗ ਸਦਕਾ ਹਾਂ। ਮੈਂ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ।’’ ਜਾਣਕਾਰੀ ਅਨੁਸਾਰ ਜੈਸਮੀਨ, ਗਾਇਕ ਗੁਰਨਾਜ਼ਰ ਦੇ ਗੀਤ ‘ਤੈਨੂੰ ਯਾਦ ਕਰਾਂ’ ਦੀ ਮੰਗਲਵਾਰ ਨੂੰ ਰਿਲੀਜ਼ ਹੋਈ ਵੀਡੀਓ ਵਿੱਚ ਨਜ਼ਰ ਆਈ ਹੈ। ਅਦਾਕਾਰਾ ਨੇ ਆਖਿਆ,‘‘ਇਸ ਗੀਤ ਵਿੱਚ ਮੈਂ ਇਕ ਸਾਧਾਰਨ ਪੇਂਡੂ ਕੁੜੀ ਦਾ ਕਿਰਦਾਰ ਨਿਭਾਇਆ ਹੈ ਅਤੇ ਕੋਈ ਹਾਰ-ਸ਼ਿੰਗਾਰ ਨਹੀਂ ਕੀਤਾ। ਇਹ ਬਹੁਤ ਪਿਆਰਾ ਗੀਤ ਹੈ ਜੋ ਤੁਹਾਨੂੰ ਜ਼ਿੰਦਗੀ ਪਹਿਲੀ ਵਾਰ ਹੋਏ ਪਿਆਰ ਦੀ ਯਾਦ ਤਾਜ਼ਾ ਕਰਵਾ ਦਿੰਦਾ ਹੈ।’’