ਨਵੀਂ ਦਿੱਲੀ, 9 ਜੁਲਾਈ

ਆਪਣੀ ਪਹਿਲੀ ਫ਼ਿਲਮ ਮਾਚਿਸ (1996) ਤੋਂ ਲੈ ਕੇ ਹੁਣ ਤੱਕ ਅਦਾਕਾਰ ਜਿੰਮੀ ਸ਼ੇਰਗਿੱਲ ਨੇ ਬੌਲੀਵੁੱਡ ਵਿੱਚ ਕਾਫ਼ੀ ਕੰਮ ਕੀਤਾ ਹੈ। ਜਿੰਮੀ ਦੀਆਂ ਮਕਬੂਲ ਹੋਈਆਂ ਜ਼ਿਆਦਾਤਰ ਫ਼ਿਲਮਾਂ ਵਿੱਚ ਉਹ ਪੁਲੀਸ ਵਾਲੇ ਦੇ ਕਿਰਦਾਰ ਵਿੱਚ ਨਜ਼ਰ ਆਇਆ ਹੈ। ਫ਼ਿਲਮ ‘ਏ ਵੈੱਡਨਸਡੇਅ’ ਵਿਚਲੇ ਇੰਸਪੈਕਟਰ ਆਰਿਫ਼ ਖ਼ਾਨ ਦੇ ਤੋਂ ਲੈ ਕੇ ‘ਸਪੈਸ਼ਲ 26’ ਅਤੇ ‘ਫੁਗਲੀ’ ਵਰਗੀਆਂ ਦਸ ਦੋਂ ਵੀ ਵੱਧ ਫਿਲਮਾਂ ਵਿੱਚ ਜਿੰਮੀ ਨੇ ਪੁਲੀਸ ਵਾਲੇ ਦਾ ਕਿਰਦਾਰ ਨਿਭਾਇਆ ਹੈ। ਆਈਏਐੱਨਐੱਸ ਨਾਲ ਹੋਈ ਇੰਟਰਵਿਊ ਦੌਰਾਨ ਜਿੰਮੀ ਨੇ ਕਿਹਾ, ‘ਮੈਨੂੰ ਬਹੁਤ ਸਾਰੇ ਪੁਲੀਸ ਅਧਿਕਾਰੀਆਂ ਵਾਲੇ ਕਿਰਦਾਰ ਆਫਰ ਕੀਤੇ ਜਾਂਦੇ ਹਨ, ਪਰ ਮੈਂ ਸਿਰਫ਼ ਉਨ੍ਹਾਂ ਕਿਰਦਾਰਾਂ ਨੂੰ ਹੀ ਚੁਣਦਾ ਹਾਂ, ਜੋ ਮੈਨੂੰ ਪਸੰਦ ਆਉਂਦੇ ਹਨ ਤੇ ਜਿਨ੍ਹਾਂ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੁੰਦਾ ਹੈ’ ਆਪਣੀ ਨਵੀਂ ਫ਼ਿਲਮ ‘ਕੌਲਰ ਬੌਂਬ’ ਵਿੱਚ ਵੀ ਜਿੰਮੀ ਇੱਕ ਪੁਲੀਸ ਵਾਲੇ ਦੇ ਕਿਰਦਾਰ ਵਿੱਚ ਨਜ਼ਰ ਆ ਰਿਹਾ ਹੈ। ਇਸ ਫ਼ਿਲਮ ਵਿੱਚ ਜਿੰਮੀ ਪੁਲੀਸ ਦੇ ਇੱਕ ਉੱਚ ਅਧਿਕਾਰੀ ਮਨੋਜ ਹੇਸੀ ਦਾ ਰੋਲ ਨਿਭਾਅ ਰਿਹਾ ਹੈ। ਫ਼ਿਲਮ ਨੂੰ ਕਈ ਇਨਾਮ ਜਿੱਤ ਚੁੱਕੇ ਦਨਾਏਨੇਸ਼ ਜ਼ੋਟਿੰਗ ਨੇ ਨਿਰਦੇਸ਼ਿਤ ਕੀਤਾ ਹੈ। ਫ਼ਿਲਮ ਦੀ ਕਹਾਣੀ ਪਹਾੜੀ ਇਲਾਕੇ ਦੇ ਇੱਕ ਅਜਿਹੇ ਸਕੂਲ ’ਤੇ ਕੇਂਦਰਿਤ ਹੈ, ਜਿਥੇ ਇੱਕ ਮਨੁੱਖੀ ਬੰਬ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਬੰਧਕ ਬਣਾਇਆ ਹੋਇਆ ਹੈ। ਇਨ੍ਹਾਂ ਬੱਚਿਆਂ ਨੂੰ ਬਚਾਉਣ ਅਤੇ ਇਸ ਉਲਝਣ ਨੂੰ ਸੁਲਝਾਉਣ ਦਾ ਰਾਹ ਮਨੋਜ ਹੇਸੀ ਦੀ ਬੀਤ ਚੁੱਕੀ ਦੁੱਖਦਾਈ ਜ਼ਿੰਦਗੀ ਵਿੱਚ ਪਿਆ ਹੈ।