ਮੁੰਬਈ:ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਆਪਣੇ 15 ਸਾਲ ਦੇ ਫ਼ਿਲਮੀ ਕਰੀਅਰ ਦੌਰਾਨ ਕਈ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ ਪਰ ਸ਼ੂਜੀਤ ਸਰਕਾਰ ਦੀ ਫ਼ਿਲਮ ‘ਪੀਕੂ’ ਵਿੱਚ ਦੀਪਿਕਾ ਵੱਲੋਂ ਨਿਭਾਈ ਭੂਮਿਕਾ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ। ਦੀਪਿਕਾ ਨੇ 2105 ਵਿੱਚ ਆਈ ਇਸ ਫ਼ਿਲਮ ਵਿਚ ਇੱਕ ਮਜ਼ਬੂਤ ਤੇ ਅੱਗੇ ਵਧਣ ਦੀ ਚਾਹਵਾਨ ਔਰਤ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਵਿੱਚ ਮੈਗਾਸਟਾਰ ਅਮਿਤਾਭ ਬੱਚਨ ਵੀ ਮੁੱਖ ਭੂਮਿਕਾ ’ਚ ਸੀ। ਫ਼ਿਲਮ ਵਿੱਚ ਅਮਿਤਾਭ ਨੇ ਦੀਪਿਕਾ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ। ਜਦਕਿ ਮਰਹੂਮ ਇਰਫਾਨ ਖ਼ਾਨ ਵੀ ਮਹੱਤਵਪੂਰਨ ਭੂਮਿਕਾ ਵਿੱਚ ਸੀ। 36 ਸਾਲਾ ਅਦਾਕਾਰਾ ਨੇ ਕਿਹਾ ਕਿ ਉਹ ਤੇ ਉਸ ਦੀ ਭੈਣ ਅਨੀਸ਼ਾ ਪਾਦੂਕੋਣ ਖ਼ੁਦ ਨੂੰ ‘ਪੀਕੂ’ ਕਿਰਦਾਰ ਨਾਲ ਕਾਫ਼ੀ ਰਲਦਾ-ਮਿਲਦਾ ਮਹਿਸੂਸ ਕਰਦੇ ਹਨ। ਦੀਪਿਕਾ ਨੇ ਕਿਹਾ ਕਿ, ‘ਉਸ ਫ਼ਿਲਮ ਦੀ ਊਰਜਾ ਵਿੱਚ ਕੁਝ ਖਾਸ ਸੀ, ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਤੇ ਮੇਰੀ ਭੈਣ (ਅਨੀਸ਼ਾ) ਹੁਣ ਉਮਰ ਦੇ ਉਸ ਪੜਾਅ ਉਤੇ ਹਾਂ ਜਿੱਥੇ ਅਸੀਂ ‘ਪੀਕੂ’ ਵਰਗੇ ਹਾਂ।’ ਦੀਪਿਕਾ ਨੇ ਕਿਹਾ ਕਿ ‘ਪੀਕੂ’ ਇਕ ਅਜਿਹੀ ਫ਼ਿਲਮ ਹੀ ਜਿਸ ਦਾ ਜ਼ਿਕਰ ਹੁਣ ਵੀ ਕਿਤੇ-ਨਾ-ਕਿਤੇ ਹੁੰਦਾ ਹੀ ਰਹਿੰਦਾ ਹੈ।