ਮੁੰਬਈ:ਪੰਜ ਸਾਲਾਂ ਦੇ ਅਰਸੇ ਦੌਰਾਨ ਅਦਾਕਾਰਾ ਸਾਨਿਆ ਮਲਹੋਤਰਾ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ ਪਰ ਉਸ ਨੇ ਕਦੇ ਆਪਣੀ ਸਫ਼ਲਤਾ ਦੇ ਜਸ਼ਨ ਨਹੀਂ ਮਨਾਏ। ਸਾਨਿਆ ਨੇ ਸਾਲ 2016 ਵਿੱਚ ਫਿਲਮ ‘ਦੰਗਲ’ ਨਾਲ ਬਬੀਤਾ ਕੁਮਾਰੀ ਦੇ ਕਿਰਦਾਰ ਜ਼ਰੀਏ ਫਿਲਮੀ ਦੁਨੀਆ ’ਚ ਕਦਮ ਰੱਖਿਆ। ਇਸ ਮਗਰੋਂ ਉਸ ਨੇ ਵਿਸ਼ਾਲ ਭਾਰਦਵਾਜ ਦੀ ‘ਪਟਾਖਾ’ ਵਿੱਚ ਝਗੜਾਲੂ ਭੈਣ ਦਾ ਕਿਰਦਾਰ ਨਿਭਾਇਆ, ਫਿਰ ਉਸ ਨੇ ‘ਬਧਾਈ ਹੋ’ ਅਤੇ ਰਿਤੇਸ਼ ਬੱਤਰਾ ਦੀ ‘ਫੋਟੋਗ੍ਰਾਫ’ ਵਿੱਚ ਵੀ ਦਮਦਾਰ ਪੇਸ਼ਕਾਰੀ ਦਿੱਤੀ। ਸਾਨਿਆ ਨੇ ਕਿਹਾ, ‘‘ਅਦਾਕਾਰ ਵਜੋਂ ਪਹਿਲਾਂ ਮੈਂ ਖੁਦ ’ਤੇ ਬਹੁਤ ਸਖ਼ਤ ਸੀ। ਮੈਂ ਗ਼ਲਤੀ ਹੋਣ ’ਤੇ ਪਾਗਲ ਹੋ ਜਾਂਦੀ ਸੀ, ਜਿਸ ਕਾਰਨ ਮੈਨੂੰ ਕੁਝ ਸਮਝ ਨਹੀਂ ਆਉਂਦਾ ਸੀ। ਮੈਂ ਖੁਦ ’ਤੇ ਸਖਤ ਇਸ ਲਈ ਸੀ ਕਿਉਂਕਿ ਸ਼ਾਇਦ ਮੈਂ ਇੰਡਸਟਰੀ ਬਾਰੇ ਕੁਝ ਸਿੱਖਣ ਦੀ ਕੋਸ਼ਿਸ਼ ਕਰ ਰਹੀ ਸੀ। ਇੱਕ ਛੋਟੀ ਜਿਹੀ ਗ਼ਲਤੀ ਵੀ ਮੈਨੂੰ ਵੱਡੀ ਲੱਗਦੀ ਸੀ। ਮੈਂ ਹਰ ਚੀਜ਼ ਵਿੱਚ ਨਿਪੁੰਨ ਹੋਣ ਦੀ ਕੋਸ਼ਿਸ਼ ਕਰ ਰਹੀ ਸੀ।’’ ਅਦਾਕਾਰਾ ਨੇ ਅੱਗੇ ਦੱਸਿਆ, ‘‘ਜਦੋਂ ਵੀ ਕੋਈ ਫਿਲਮ ਰਿਲੀਜ਼ ਹੁੰਦੀ, ਮੈਂ ਕਿਸੇ ਦੀ ਗੱਲ ਨਹੀਂ ਸੁਣਨਾ ਚਾਹੁੰਦੀ ਸੀ ਅਤੇ ਪਹਿਲਾਂ ਖੁਦ ਨੂੰ ਇਹ ਕਹਿੰਦੀ ਕਿ ‘ਮੈਂ ਇਹ ਚੰਗਾ ਨਹੀਂ ਕਰ ਸਕੀ ਤੇ ਜੇਕਰ ਅਗਲੀ ਵਾਰ ਅਜਿਹਾ ਕਰਨ ਦਾ ਮੌਕਾ ਮਿਲਿਆ ਤਾਂ ਮੈਨੂੰ ਹੋਰ ਬਿਹਤਰ ਕਰਨਾ ਚਾਹੀਦਾ ਹੈ। ਕੋਈ ਵੀ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਮੈਂ ਘਰ ਜਾਂਦੀ ਅਤੇ ਰੋਂਦੀ-ਰੋਂਦੀ ਸੌਂ ਜਾਂਦੀ।’’