‘‘ਨੀ ਫ਼ਾਤਿਮਾ! ਨੀ ਕੁੜੀਏ! ਹੋ ਗਈ ਤਿਆਰ!’’ ਨਫੀਸਾ ਪੌੜੀਆਂ ਚੜ੍ਹ ਕੇ ਸਾਹੋ-ਸਾਹੀ ਹੋਈ ਪਈ ਸੀ। ‘‘ਅੰਮੀ ਜੀ! ਆਪੀ (ਭੈਣ) ਨਹਾ ਰਹੀ ਆ।’’ ਫ਼ਾਤਿਮਾ ਦੀ ਛੋਟੀ ਭੈਣ ਫਰਹੀਨ ਨੇ ਕਿਹਾ। ‘‘ਹਾਏ ਨੀ! ਬੇੜਾ ਬਹਿਜੇ ਤੁਹਾਡਾ। ਹਜੇ ਹੁਣ ਨਹਾਉਣ ਗਈ ਐ। ਖ਼ਦੀਜਾ ਖਾਲ਼ਾ ਦਾ ਫੋਨ ਆ ਗਿਆ ਕਿ ਉਹ ਮੁੰਡੇ ਵਾਲਿਆਂ ਨਾਲ ਬਸ ਦੋ ਕੁ ਮਿੰਟ ’ਚ ਪਹੁੰਚ ਰਹੀ ਐ ਤੇ ਇੱਥੇ ਬੀਬੀ ਰਾਣੀ ਹਜੇ ਨਹਾਉਣ ਗਈ ਐ।’’ ਨਫੀਸਾ ਪੂਰੇ ਗੁੱਸੇ ਵਿਚ ਨਾਸਾਂ ਫੁਲਾ ਕੇ ਕਹਿ ਰਹੀ ਸੀ ਤੇ ਨਾਲ ਦੀ ਨਾਲ ਜ਼ੋਰ-ਜ਼ੋਰ ਨਾਲ ਗੁਸਲਖਾਨੇ ਦਾ ਦਰਵਾਜ਼ਾ ਭੰਨ ਰਹੀ ਸੀ। ਦੋ ਕੁ ਮਿੰਟ ਬਾਅਦ ਹੀ ਫ਼ਾਤਿਮਾ ਨਹਾ ਕੇ ਬਾਹਰ ਨਿਕਲ ਆਈ। ਉਸ ਦੀਆਂ ਅੱਖਾਂ ਲਾਲ ਤੇ ਸੁੱਜੀਆਂ ਹੋਈਆਂ ਸਨ ਜਿਵੇਂ ਸਾਰੀ ਰਾਤ ਰੋਂਦੀ ਰਹੀ ਹੋਵੇ। ‘‘ਹਾਏ ਨੀ! ਤੇਰੇ ਰੱਖੇ ਜਾਣ। ਏਧਰ ਕਰ ਮੂੰਹ ਮਾੜਾ ਜਿਹਾ। ਫਿੱਟੇਮੂੰਹ ਤੇਰੇ ਇਹੋ ਜਿਹੀ ਦੇ। ਹਾਅ ਡੇਲਿਆਂ ਦਾ ਕੀ ਹਾਲ ਬਣਾਇਆ ਈ। ਸਾਡੇ ਸਿਰ ਸਵਾਹ ਪਵਾਈਂ ਇਹੋ ਜਿਹੀ ਬੂਥੀ ਨਾਲ।’’ ਤੇ ਉਸ ਨੇ ਬੜੇ ਜ਼ੋਰ ਨਾਲ ਫ਼ਾਤਿਮਾ ਦਾ ਮੂੰਹ ਠੋਡੀ ਕੋਲੋਂ ਫੜ ਕੇ ਆਪਣੇ ਵੱਲ ਕੀਤਾ। ਫ਼ਾਤਿਮਾ ਉਸ ਦੇ ਹੱਥ ਨੂੰ ਪਿਛਾਂਹ ਕਰਦੀ ਹੋਈ ਫਿਰ ਫਿਸ ਪਈ ਸੀ, ‘‘ਤਾਂ ਅੰਮੀ ਜੀ! ਕਿਉਂ ਕਰਦੇ ਜੇ ਧੱਕਾ ਮੇਰੇ ਨਾਲ। ਜਦੋਂ ਮੈਂ ਤੁਹਾਨੂੰ ਕਹਿ ਦਿੱਤਾ ਸੀ ਕਿ ਮੈਂ ਹਾਲੇ ਵਿਆਹ ਨਹੀਂ ਕਰਾਉਣਾ। ਮੈਂ ਅੱਗੇ ਪੜ੍ਹਨਾ ਹੋਰ, ਫੇਰ ਕਿਉਂ ਜ਼ਬਰਦਸਤੀ ਕਰਦੇ ਤੁਸੀਂ। ਕਿੰਨੀ ਮੁਸ਼ਕਿਲ ਨਾਲ ਮੈਨੂੰ ਏਨੀ ਵਧੀਆ ਯੂਨੀਵਰਸਿਟੀ ਵਿਚ ਐਡਮਿਸ਼ਨ ਮਿਲੀ ਆ, ਉਹ ਵੀ ਵਜ਼ੀਫ਼ੇ ਨਾਲ।’’ ‘‘ਅੱਗ ਲੱਗੇ ਤੇਰੇ ਵਜ਼ੀਫ਼ੇ ਨੂੰ। ਮੇਰੀ ਇਕ ਗੱਲ ਸੁਣ ਲੈ ਕੰਨ ਖੋਲ੍ਹ ਕੇ, ਜੇ ਤੇਰੇ ਇਨ੍ਹਾਂ ਲੱਛਣਾਂ ਕਰਕੇ ਮੁੰਡੇ ਵਾਲਿਆਂ ਨਾਂਹ ਕਰ ’ਤੀ ਤਾਂ ਤੇਰੇ ਬਾਪ ਨੇ ਸਾਡੇ ਤਿੰਨਾਂ ਦੀ ਕਬਰ ਬਣਾ ਦੇਣੀ ਇੱਥੇ ਹੀ। ਜਿੰਨਾ ਪੜ੍ਹਨਾ ਸੀ ਪੜ੍ਹ ਲਿਆ, ਹੁਣ ਸਾਰੀ ਉਮਰ ਪੜ੍ਹੀ ਨਹੀਂ ਜਾਣਾ। ਇਹੋ ਜਿਹੇ ਰਿਸ਼ਤੇ ਰੋਜ਼ ਨਹੀਂ ਲੱਭਦੇ।’’ ਨਫੀਸਾ ਨੇ ਸਿੱਧੇ-ਸਾਫ਼ ਲਫ਼ਜ਼ਾਂ ਵਿਚ ਆਪਣਾ ਫ਼ੈਸਲਾ ਤੇ ਡਰ ਦੋਵੇਂ ਗੱਲਾਂ ਦੱਸ ਦਿੱਤੀਆਂ ਸੀ।’’ ‘‘ਸਾਰੀ ਉਮਰ ਨੂੰ ਅੰਮੀ ਜੀ, ਮੈਂ ਬੁੱਢੜੀ ਨਹੀਂ ਹੋ ਗਈ। ਪਿਛਲੇ ਮਹੀਨੇ ਅਠਾਰਾਂ ਦੀ ਹੋਈ ਆਂ ਤੇ ਚੂੰਗੇ ’ਚ ਬਾਰਾਂ ਕੀਤੀਆਂ ਮੈਂ ਤੇ ਜਿਹੜਾ ਰਿਸ਼ਤਾ ਤੁਸੀਂ ਲੱਭਿਆ ਏਡਾ ਕੀ ਖਾਸ ਉਸ ਵਿਚ। ਉਹ ਵੀ ਬਾਰਾਂ ਪੜ੍ਹ ਕੇ ਦੁਬਈ ਚਲਾ ਗਿਆ ਸੀ। ਮੈਨੂੰ ਅਮੀਰਾਂ ਦੱਸਦੀ ਸੀ ਕਿ ਓਹਦੇ ਤਾਏ ਦੇ ਮੁੰਡੇ ਨਾਲ ਪੜ੍ਹਦਾ ਸੀ ਤੇ ਉਹਦੇ ਤਾਏ ਦਾ ਮੁੰਡਾ 29-30 ਸਾਲ ਦਾ ਆ।’’ ਫ਼ਾਤਿਮਾ ਦੇ ਬੋਲਾਂ ਵਿਚ ਹੋ ਰਹੀ ਬੇਇਨਸਾਫ਼ੀ ਦਾ ਦਰਦ ਸਾਫ਼ ਝਲਕਦਾ ਸੀ। ‘‘ਮੂੰਹ ਬੰਦ ਕਰ। ਬਕਵਾਸ ਕਰੀ ਜਾਂਦੀ ਸਗੋਂ। ਅੱਗੇ ਇਕ ਪੜ੍ਹਨ ਗਈ ਸੀ ਨਾ ਯੂਨੀਵਰਸਿਟੀ ਤੇਰੇ ਤਾਏ ਦੀ ਧੀ, ਉਹਨੇ ਕੀ ਰੰਗ ਲਾਏ ਸੀ, ਵੇਖੇ ਆ ਸਭ ਨੇ। ਆਪਣੀ ਮਨ-ਮਰਜ਼ੀ ਨਾਲ ਨਿਕਾਹ ਕਰਾਇਆ ਸੀ ਉਸ। ਸਾਰੇ ਮੁਹੱਲੇ ’ਚ ਥੂ-ਥੂ ਹੋਈ ਸੀ। ਸਾਡੇ ਕੋਲੋਂ ਨਹੀਂ ਇਹ ਖੇਹ ਪਵਾਈ ਜਾਣੀ ਸਿਰ ’ਚ। ਇੱਜ਼ਤ ਨਾਲ ਆਪਣੇ ਘਰ ਜਾ ਤੇ ਇੱਜ਼ਤ ਨਾਲ ਸਾਨੂੰ ਆਪਣੇ ਘਰ ਰਹਿਣ ਦੇ। ਬੁੱਢੇਵਾਰੇ ਪਿਓ ਕੋਲੋਂ ਮੇਰੇ ਹੱਡ ਨਾ ਕੁਟਵਾਈਂ। ਦਸਾਂ ਮਿੰਟਾਂ ਵਿਚ ਆਪਣਾ ਹੁਲੀਆ ਸਵਾਰ, ਨਹੀਂ ਤਾਂ ਮੈਥੋਂ ਬੁਰਾ ਕੋਈ ਨਹੀਂ।’’ ਤੇ ਉਹ ਦੋਵਾਂ ਭੈਣਾਂ ਵੱਲ ਬੜੇ ਗੁੱਸੇ ਨਾਲ ਵੇਖਦੀ ਹੋਈ ਕਮਰੇ ਤੋਂ ਬਾਹਰ ਚਲੀ ਗਈ ਸੀ। ਫ਼ਾਤਿਮਾ ਦੀਆਂ ਅੱਖਾਂ ਵਿਚੋਂ ਹੰਝੂਆਂ ਦੀ ਝੜੀ ਲੱਗ ਗਈ ਸੀ। ਉਹ ਸੋਚ ਰਹੀ ਸੀ ਕਿ ‘ਅੰਮੀ ਜੀ ਤੂੰ ਵੀ ਸੱਚੀਂ ਕਿੰਨੀ ਭੋਲੀ ਏ। ਕਿਹੜੇ ਘਰ ਦੀ ਗੱਲ ਕਰਦੀ, ਕੁੜੀਆਂ ਦਾ ਤਾਂ ਖੌਰੇ ਕੋਈ ਆਪਣਾ ਘਰ ਹੀ ਨਹੀਂ ਹੁੰਦਾ। ਉਨ੍ਹਾਂ ਦਾ ਤਾਂ ਬਸ ਪੇਕਾ ਘਰ ਤੇ ਸਹੁਰਾ ਘਰ ਹੁੰਦਾ। ਜਦੋਂ ਜੀਅ ਕਰੇ ਪੇਕੇ ਬਾਂਹੋ ਫੜ ਸਹੁਰੇ ਤੋਰ ਦੇਣਗੇ ਤੇ ਜਦੋਂ ਉਨ੍ਹਾਂ ਦਾ ਜੀਅ ਕੀਤਾ ਉਹ ਤਲਾਕ ਦੇ ਦੋ ਬੋਲ ਮੂੰਹ ’ਤੇ ਮਾਰ ਕੇ ਪੇਕੇ ਘਰ ਤੋਰ ਦੇਣਗੇ। ਇਸੇ ਲਈ ਤਾਂ ਮੈਂ ਪੜ੍ਹਨਾ ਚਾਹੁੰਦੀ ਹਾਂ, ਕੁਝ ਬਣਨਾ ਚਾਹੁੰਦੀ ਹਾਂ ਕਿ ਕਿਸੇ ਦਿਨ ਨੂੰ ਆਖ ਸਕਾਂ ਇਹ ਮੇਰਾ ਘਰ ਹੈ।’
ਮੁੰਡੇ ਵਾਲਿਆਂ ਨੂੰ ਫ਼ਾਤਿਮਾ ਪਸੰਦ ਆ ਗਈ ਸੀ। ਉਹ ਹੱਥ ’ਤੇ ਪੈਸੇ ਧਰ ਰਿਸ਼ਤਾ ਪੱਕਾ ਕਰ ਗਏ ਸੀ। ਮਿਠਾਈ ਨਾਲ ਕੁੜੀ-ਮੁੰਡੇ ਦਾ ਮੂੰਹ ਜੁਠਾ ਕੇ ਵਧਾਈਆਂ ਮਿਲ ਗਈਆਂ ਸੀ। ਸਾਰੇ ਕੰਮਾਂ-ਧੰਦਿਆਂ ਤੋਂ ਵਿਹਲਾ ਹੋ ਮੁਸਤਫ਼ਾ (ਫ਼ਾਤਿਮਾ ਦਾ ਅੱਬਾ) ਆਪਣੇ ਕਮਰੇ ਵਿਚ ਬੈੱਡ ’ਤੇ ਹਿਸਾਬ ਵਾਲੀ ਡਾਇਰੀ ਖੋਲ੍ਹ ਕੇ ਬੈਠਾ ਸੀ। ਫ਼ਾਤਿਮਾ ਨੇ ਅੰਦਰ ਆਉਣ ਲੱਗਿਆਂ ਹਲਕਾ ਜਿਹਾ ਦਰਵਾਜ਼ਾ ਖੜਕਾਇਆ ਤੇ ਫਿਰ ਕੋਲ ਆ ਕੇ ਝੁਕੀਆਂ ਅੱਖਾਂ ਨਾਲ ਕਿਹਾ, ‘‘ਅੱਬਾ ਜੀ! ਕੋਈ ਗੱਲ ਕਰਨੀ ਸੀ।’’ ਉਸ ਦੀ ਆਵਾਜ਼ ਕੰਬ ਰਹੀ ਸੀ। ‘‘ਹੂੰ…’’ ਉਹਨੇ ਐਨਕ ਲਾਹ ਕੇ ਹੱਥ ਵਿਚ ਫੜ ਲਈ ਤੇ ਨਜ਼ਰਾਂ ਗੱਡ ਕੇ ਉਸ ਨੂੰ ਵੇਖਣ ਲੱਗਾ। ‘‘ਅੱਬਾ ਜੀ! ਮੈਂ… ਮੈਂ ਅੱਬਾ ਜੀ।’’ ਤੇ ਬੋਲ ਉਸਦੇ ਸੰਘ ਵਿਚ ਫਸ ਗਏ ਲੱਗਦੇ ਸੀ। ‘‘ਬੋਲੇਂਗੀ ਕੁਝ ਕਿ ਮੈਂ-ਮੈਂ ਕਰੀਂ ਜਾਏਂਗੀ?’’ ਉਸ ਦੇ ਬੋਲਾਂ ਵਿਚ ਤਲਖ਼ੀ ਸੀ। ‘‘ਅੱਬਾ ਜੀ! ਮੈਂ ਵਿਆਹ ਨਹੀਂ ਕਰਾਉਣਾ।’’ ਉਸ ਨੇ ਇਕੋ ਝਟਕੇ ਵਿਚ ਕਹਿ ਦਿੱਤਾ। ‘‘ਤੇਰਾ ਦਿਮਾਗ਼ ਠੀਕ ਐ। ਜੋ ਮੂੰਹ ’ਚ ਆਇਆ ਬੋਲੀ ਜਾ ਰਹੀ ਆ।’’ ਮੁਸਤਫ਼ਾ ਪੂਰੇ ਗੁੱਸੇ ਵਿਚ ਬੋਲ ਰਿਹਾ ਸੀ। ‘‘ਮੈਂ ਹਾਲੇ ਹੋਰ ਪੜ੍ਹਨਾ ਚਾਹੁੰਦੀ ਹਾਂ। ਕੁਝ ਬਣਨਾ ਚਾਹੁੰਦੀ ਹਾਂ, ਪੈਰਾਂ ਸਿਰ ਹੋਣਾ ਚਾਹੁੰਦੀ ਹਾਂ। ਤੁਸੀਂ ਬੁਸ਼ਰਾ ਆਪੀ ਦੀ ਸਜ਼ਾ ਮੈਨੂੰ ਕਿਉਂ ਦੇ ਰਹੇ ਓ। ਜ਼ਰੂਰੀ ਤਾਂ ਨਹੀਂ ਪੜ੍ਹ-ਲਿਖ ਕੇ ਮੈਂ ਆਪਣੀਆਂ ਮਨ-ਮਰਜ਼ੀਆਂ ਕਰੂੰ। ਤੁਸੀਂ ਜਿਵੇਂ ਕਹੋਗੇ ਕਰ ਲਊਂਗੀ, ਪਰ ਮੈਂ ਫਿਲਹਾਲ ਵਿਆਹ ਨਹੀਂ ਕਰਨਾ।’’ ਪਤਾ ਨਹੀਂ ਉਸ ਵਿਚ ਏਨੀ ਹਿੰਮਤ ਕਿੱਥੋਂ ਆ ਗਈ ਸੀ। ਜਿਹੜੀ ਪਿਓ ਅੱਗੇ ਉੱਚੀ ਸਾਹ ਨਹੀਂ ਸੀ ਲੈਂਦੀ, ਅੱਜ ਦਲੀਲਾਂ ਦੇ ਰਹੀ ਸੀ। ‘‘ਆਪਣੀ ਜ਼ੁਬਾਨ ਬੰਦ ਕਰ ਤੇ ਦਫ਼ਾ ਹੋ ਜਾ ਏਥੋਂ। ਤੇਰਾ ਨਿਕਾਹ ਤੈਅ ਆ ਤੇ ਉਹ ਇਸੇ ਸਾਲ ਹੀ ਹੋਣਾ।’’ ਉਸ ਨੇ ਜ਼ੋਰ ਦੀ ਡਾਇਰੀ ਬੰਦ ਕਰਦਿਆਂ ਕਿਹਾ। ‘‘ਠੀਕ ਹੈ ਅੱਬਾ ਜੀ! ਫਿਰ ਮੈਂ ਵੀ ਨਿਕਾਹ ਵੇਲੇ ਕਬੂਲ ਨਹੀਂ ਜੇ ਕਹਿਣਾ ਤੇ ਕਾਜ਼ੀ ਨੂੰ ਵੀ ਕਹਿ ਦੇਣਾ ਕਿ ਇਹ ਵਿਆਹ ਜ਼ਬਰਦਸਤੀ ਹੋ ਰਿਹਾ।’’ ਉਸ ਦੇ ਏਨਾ ਕਹਿਣ ਦੀ ਦੇਰ ਸੀ ਕਿ ਮੁਸਤਫ਼ਾ ਨੇ ਤਾੜ-ਤਾੜ ਕਰਦੇ ਦੋ ਥੱਪੜ ਉਸ ਦੇ ਮੂੰਹ ਉੱਤੇ ਜੜ ਦਿੱਤੇ ਅਤੇ ਉਹ ਪਿਛਾਂਹ ਹੋਣ ਲੱਗੀ ਬੈੱਡ ਕੋਲ ਪਏ ਸਟੂਲ (ਛੋਟਾ ਮੇਜ) ਨਾਲ ਅੜ ਕੇ ਡਿੱਗ ਪਈ। ਆਵਾਜ਼ ਸੁਣ ਕੇ ਉਸ ਦੀ ਮਾਂ ਵੀ ਰਸੋਈ ਵਿਚੋਂ ਭੱਜ ਕੇ ਕਮਰੇ ਵਿਚ ਆ ਗਈ। ਫ਼ਾਤਿਮਾ ਨੂੰ ਲੱਗਾ ਜੇਕਰ ਅੱਜ ਉਹ ਨਾ ਉੱਠੀ ਤਾਂ ਕਦੇ ਨਹੀਂ ਉੱਠ ਸਕੇਗੀ ਤੇ ਪਤਾ ਨਹੀਂ ਕਿੰਨੀ ਵਾਰ ਉਸ ਨੂੰ ਦਬਾਉਣ ਲਈ ਇੰਝ ਹੀ ਡੇਗਿਆ ਜਾਏਗਾ। ਉਹ ਬਿਜਲੀ ਦੀ ਫੁਰਤੀ ਵਾਂਗ ਉੱਠੀ ਅਤੇ ਪਿਓ ਦੀਆਂ ਅੱਖਾਂ ਵਿਚ ਅੱਖਾਂ ਪਾ ਫਿਰ ਦੁਹਰਾ ਦਿੱਤਾ, ‘‘ਪਰ ਅੱਬਾ ਜੀ! ਮੈਂ ਕਬੂਲ ਨਹੀਂ ਜੇ ਕਹਿਣਾ।’’ ਇਸ ਵਾਰ ਉਸ ਦੀਆਂ ਅੱਖਾਂ ਵਿਚੋਂ ਹੰਝੂਆਂ ਦੀ ਥਾਂ ਜਿਵੇਂ ਭੱਖਦੇ ਹੋਏ ਅੰਗਿਆਰੇ ਨਿਕਲ ਰਹੇ ਸਨ ਅਤੇ ਉਸ ਦੇ ਬੋਲਾਂ ਵਿਚ ਤਰਲਾ ਨਹੀਂ ਸਗੋਂ ਦ੍ਰਿੜ੍ਹ ਫ਼ੈਸਲਾ ਸੀ। ਮੁਸਤਫ਼ਾ ਵੀ ਸ਼ਾਇਦ ਉਸ ਦੇ ਇਸ ਪੱਕੇ ਇਰਾਦੇ ਨੂੰ ਸਮਝ ਗਿਆ ਸੀ। ਇਸੇ ਲਈ ਕਚੀਚੀਆਂ ਵੱਟਦਾ ਹੋਇਆ ਬੁੜ-ਬੁੜ ਕਰਦਾ ਬਾਹਰ ਨਿਕਲ ਗਿਆ ਅਤੇ ਉਸ ਦੀ ਅੰਮੀ ਪੱਥਰ ਦੀ ਸਿੱਲ ਬਣੀ ਬਿਟਰ-ਬਿਟਰ ਉਸ ਨੂੰ ਵੇਖੀ ਜਾ ਰਹੀ ਸੀ।
– ਗੁਰਮੀਨ ਕੌਰ