ਨਵੀਂ ਦਿੱਲੀ, 12 ਨਵੰਬਰ
ਅਦਾਕਾਰ ਪੰਕਜ ਤ੍ਰਿਪਾਠੀ ਦਾ ਕਹਿਣਾ ਹੈ ਕਿ ਭਾਵੇਂ ਊਨ੍ਹਾਂ ਦੇ ਕਿਰਦਾਰ ਵੱਖੋ-ਵੱਖਰੇ ਹੁੰਦੇ ਹਨ ਪ੍ਰੰਤੁੂ ਹਰ ਵਾਰ ਊਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਕਿਰਦਾਰਾਂ ਨੂੰ ਸਮਕਾਲੀ ਰੱਖਿਆ ਜਾਵੇ, ਜੋ ਕਿ ਊਨ੍ਹਾਂ ਦੀ ਇਨਸਾਨ ਹੋਣ ਨਾਤੇ ਜਾਗਰੂਕ ਹੋਣ ਦੀ ਝਲਕ ਪੇਸ਼ ਕਰਦੇ ਹਨ।
ਅਨੁਰਾਗ ਬਾਸੂ ਦੀ ਫਿਲਮ ‘ਲੂਡੋ’ ਵਿੱਚ ਸੱਤੂ ਨਾਂ ਦੇ ਕਿਰਦਾਰ ਦੀ ਅਹਿਮ ਭੂਮਿਕਾ ਨਿਭਾ ਰਹੇ ਤ੍ਰਿਪਾਠੀ ਦਾ ਕਹਿਣਾ ਹੈ ਕਿ ਬਾਸੂ ਨੇ ਊਨ੍ਹਾਂ ਨੂੰ ਦੱਸਿਆ ਸੀ ਕਿ ਇਹ ਕਿਰਦਾਰ ਊਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਲਿਖਿਆ ਗਿਆ ਸੀ। ਸੱਤੂ ਦੇ ਕਿਰਦਾਰ ਵਿੱਚ ਤ੍ਰਿਪਾਠੀ ਖ਼ਤਰਨਾਕ ਅਪਰਾਧੀ ਹਨ, ਜੋ ਕਿ ਆਪਣੀ ਊਮਰ ਨਾਲੋਂ ਵੱਧ ਸਿਆਣਾ ਹੈ। ਊਨ੍ਹਾਂ ਦੇ ਕਿਰਦਾਰਾਂ ਵਿੱਚ ਦਾਰਸ਼ਨਿਕ ਝਲਕ ਬਾਰੇ ਪੁੱਛੇ ਜਾਣ ’ਤੇ ਤ੍ਰਿਪਾਠੀ ਨੇ ਕਿਹਾ ਕਿ ਇਸ ਦਾ ਸਬੰਧ ਊਨ੍ਹਾਂ ਦੀ ਅਸਲ ਸ਼ਖ਼ਸੀਅਤ ਨਾਲ ਹੋ ਸਕਦਾ ਹੈ। ਊਨ੍ਹਾਂ ਕਿਹਾ, ‘‘ਹਾਂ ਜੀ, ਮੇਰੇ ਡਾਇਲਾਗ ਕੁਝ ਅਜਿਹੇ ਹੀ ਹੁੰਦੇ ਹਨ। ਮੈਨੂੰ ਪੱਕਾ ਨਹੀਂ ਪਤਾ ਅਜਿਹਾ ਕਿਉਂ ਹੁੰਦਾ ਹੈ ਪ੍ਰੰਤੂ ਹੋ ਸਕਦਾ ਹੈ ਕਿਉਂਕਿ ਮੈਂ ਆਪਣੇ ਕਿਰਦਾਰਾਂ ਨੂੰ ਸਮਕਾਲੀ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਜਿਵੇਂ ਲੋਕਾਂ ਕੋਲ ਸੋਸ਼ਲ ਮੀਡੀਆ ਹੈ, ਮੇਰਾ ਮੰਨਣਾ ਹੈ ਕਿ ਅਦਾਕਾਰ ਹੋਣ ਨਾਤੇ ਮੇਰਾ ਮਾਧਿਅਮ ਸਿਨੇਮਾ ਹੈ, ਜਿੱਥੇ ਮੈਂ ਦੁਨੀਆਂ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ, ਊਸ ਬਾਰੇ ਆਪਣੇ ਕਿਰਦਾਰਾਂ ਰਾਹੀਂ ਬੋਲ ਸਕਦਾ ਹਾਂ।’’