ਚੰਡੀਗੜ੍ਹ, ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂ ਕੈਪਟਨ ਚੰਨਣ ਸਿੰੰਘ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਦੇ ਮੁਲਾਂਪੁਰ ਗਰੀਬਦਾਸ ਸਥਿਤ ਫਾਰਮ ਹਾਊਸ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਬੰਧੀ ਅਕਾਲੀ ਦਲ ਵਿਰੁੱਧ ਸਾਜ਼ਿਸ਼ ਘੜਨ ਲਈ ਮੀਟਿੰਗਾਂ ਕਰਨ ਦੇ ਲਾਏ ਦੋਸ਼ ਝੂਠੇ ਹਨ। ਉਨ੍ਹਾਂ ਸ੍ਰੀ ਬਾਦਲ ਵਿਰੁੱਧ ਮਾਣਹਾਨੀ ਦਾ ਕੇਸ ਕਰਨ ਦਾ ਵੀ ਐਲਾਨ ਕੀਤਾ।
ਦੱਸਣਯੋਗ ਹੈ ਕਿ ਸੁਖਬੀਰ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪਿੱਛਲੇ ਦਿਨਾਂ ਤੋਂ ਪੋਸਟਰਾਂ ਉਪਰ ਕੈਪਟਨ ਸਿੱਧੂ ਦੇ ਫਾਰਮ ਹਾਊਸ ਦੀਆਂ ਫੋਟੋਆਂ ਲਾ ਕੇ ਦੋਸ਼ ਲਾਉਂਦੇ ਰਹੇ ਹਨ ਕਿ ਇਸ ਗਰਮਖਿਆਲੀ ਸਿੱਖ ਆਗੂ ਦੇ ਫਾਰਮ ਹਾਊਸ ਵਿੱਚ ਜਸਟਿਸ ਕਮਿਸ਼ਨ ਦੀ ਰਿਪੋਰਟ ਰਾਹੀਂ ਅਕਾਲੀ ਦਲ ਵਿਰੁੱਧ ਸਾਜ਼ਿਸ਼ ਘੜਨ ਲਈ ਮੀਟਿੰਗਾਂ ਹੋਈਆਂ ਹਨ, ਜਿਨ੍ਹਾਂ ਵਿੱਚ ਜਸਟਿਸ ਰਣਜੀਤ ਸਿੰਘ, ‘ਆਪ’ ਦੇ ਵਿਧਾਇਕ ਤੇ ਜਸਟਿਸ ਦੇ ਰਿਸ਼ਤੇਦਾਰ ਸੁਖਪਾਲ ਖਹਿਰਾ, ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰੰਘ ਦਾਦੂਵਾਲ ਆਦਿ ਸ਼ਾਮਲ ਹੋਏ ਸਨ। ਕੈਪਟਨ ਸਿੱਧੂ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਨੇ ਅਜਿਹੇ ਦੋਸ਼ ਲਾ ਕੇ ਆਪਣੀ ਕਥਿਤ ਭਟਕੀ ਮਾਨਸਿਕਤਾ ਦਾ ਮੁਜ਼ਾਹਰਾ ਕੀਤਾ ਹੈ। ਉਨ੍ਹਾਂ ਸ੍ਰੀ ਬਾਦਲ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਇਸ ਮਾਮਲੇ ਵਿੱਚ ਝੂਠ ਫੜਨ ਵਾਲਾ ਟੈਸਟ ਕਰਵਾਉਣ ਦੀ ਹਾਮੀ ਭਰਦੇ ਹਨ, ਤਾਂ ਉਹ ਵੀ ਇਹ ਟੈਸਟ ਕਰਵਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਜ਼ਿੰਦਗੀ ਵਿੱਚ ਕਦੇ ਵੀ ਜਸਟਿਸ ਰਣਜੀਤ ਸਿੰਘ ਜਾਂ ਸ੍ਰੀ ਖਹਿਰਾ ਨੂੰ ਨਹੀਂ ਮਿਲੇ। ਇਸੇ ਤਰ੍ਹਾਂ ਉਨ੍ਹਾਂ ਦੇ ਫਾਰਮ ਹਾਊਸ ਵਿੱਚ ਕਦੇ ਵੀ ਜਥੇਦਾਰ ਸ੍ਰੀ ਦਾਦੂਵਾਲ ਤੇ ਸ੍ਰੀ ਮੰਡ ਸਮੇਤ ਮੰਤਰੀ ਰੰਧਾਵਾ ਤੇ ਬਾਜਵਾ ਨਹੀਂ ਆਏ। ਕੈਪਟਨ ਸਿੱਧੂ ਨੇ ਕਿਹਾ ਕਿ ਸ੍ਰੀ ਬਾਦਲ ਉਸ ਨੂੰ ਗਰਮਖਿਆਲੀ ਸਿੱਖ ਆਗੂ ਦੱਸ ਰਿਹਾ ਹੈ ਜਦਕਿ ਉਸ ਨੇ ਬਤੌਰ ਫੌਜੀ ਅਫਸਰ ਦੇਸ਼ ਦੀ ਸੁਰੱਖਿਆ ਲਈ ਲੜਾਈ ਲੜ ਕੇ ਆਪਣਾ ਖੂਨ ਵਹਾਇਆ ਹੈ। ਕੈਪਟਨ ਸਿੱਧੂ ਸਮੇਤ ਡਾ. ਭਗਵਾਨ ਸਿੰਘ ਅਤੇ ਜਥੇਦਾਰ ਗੁਰਨਾਮ ਸਿੰਘ ਸਿੱਧੂ ਨੇ ਸਿੱਖ ਸੰਗਤ ਨੂੰ ਬਾਦਲਾਂ ਦੇ ਅਕਾਲੀ ਦਲ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ।
ਸਾਡੇ ਕੋਲ ਪੁਖ਼ਤਾ ਸਬੂਤ: ਅਕਾਲੀ ਦਲ
ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਕੋਲ ਕੈਪਟਨ ਸਿੱਧੂ ਦੇ ਫਾਰਮ ਹਾਊਸ ਵਿੱਚ ਅਜਿਹੀਆਂ ਮੀਟਿੰਗਾਂ ਹੋਣ ਦੇ ਇਲੈਕਟ੍ਰੋਨਿਕ ਸਬੂਤ ਹਨ, ਜੋ ਟਾਵਰ ਦੀ ਲੋਕੇਸ਼ਨ ਅਨੁਸਾਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਵਿੱਚ ਸ਼ਾਮਲ ਵਿਅਕਤੀ ਇਸ ਸਮੇਂ ਆਪੋ-ਆਪਣੇ ਮੋਬਾਈਲ ਫੋਨਾਂ ਤੋਂ ਕੀਤੀਆਂ ਕਾਲਾਂ ਦੀ ਰਿਕਾਰਡਿੰਗ ਨਸ਼ਰ ਕਰਨ ਦੀ ਹਿੰਮਤ ਦਿਖਾਉਣ, ਤਾਂ ਜੋ ਸੱਚ ਸਾਹਮਣੇ ਆ ਸਕੇ। ਉਨ੍ਹਾਂ ਕੈਪਟਨ ਸਿੱਧੂ ਨੂੰ ਅਕਾਲੀ ਦਲ ਵੱਲੋਂ ਤੱਥਾਂ ਦੇ ਆਧਾਰ ’ਤੇ ਲਾਏ ਦੋਸ਼ਾਂ ਦਾ ਜਵਾਬ ਵੇਰਵਿਆਂ ਤਹਿਤ ਦੇਣ ਦੀ ਚੁਣੌਤੀ ਦਿੱਤੀ।