ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਕਹਾਣੀਕਾਰ ਸਾਂਵਲ ਧਾਮੀ ਨਾਲ ਰਚਾਇਆ ਰੂ-ਬ-ਰੂ ਤੇ ਕਵੀ-ਦਰਬਾਰ ਵੀ ਹੋਇਆ
ਬਰੈਂਪਟਨ, (ਡਾ. ਝੰਡ) -ਲੰਘੇ ਐਤਵਾਰ 15 ਅਗਸਤ ਨੂੰ ਕੈਨੇਡiਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਜ਼ੂਮ-ਮਾਧਿਅਮ ਰਾਹੀਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸਾਂਵਲ ਧਾਮੀ ਨਾਲ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ। ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਜ਼ੂਮ-ਮੀਟਿੰਗ ਵਿਚ ਹਾਜ਼ਰ ਮੈਂਬਰਾਂ ਤੇ ਮਹਿਮਾਨਾਂ ਨੂੰ ਨਿੱਘੀ ‘ਜੀ-ਆਇਆਂ’ ਕਹਿਣ ਅਤੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਸਮਾਗ਼ਮ ਦੀ ਰੂਪ-ਰੇਖ਼ਾ ਦੱਸਣ ਤੋਂ ਬਾਅਦ ਸੰਚਾਲਕ ਪ੍ਰੋ. ਤਲਵਿੰਦਰ ਮੰਡ ਨੇ ਸਮਾਗ਼ਮ ਦੇ ਮੁੱਖ-ਬੁਲਾਰੇ ਸਾਂਵਲ ਧਾਮੀ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜ਼ਿਲਾ ਹੁਸ਼ਿਆਰ ਪੁਰ ਦੇ ਪਿੰਡ ਸਿੰਗੜੀਵਾਲ ਦੇ ਜੰਮ-ਪਲ ਸਾਂਵਲ ਧਾਮੀ ਨੇ ਸਕੂਲੀ ਵਿੱਦਿਆ ਆਪਣੇ ਪਿੰਡ ਅਤੇ ਇਸ ਦੇ ਨੇੜਲੇ ਸਕੂਲਾਂ ਤੋਂ ਪ੍ਰਾਪਤ ਕਰਕੇ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਪੰਜਾਬੀ ਵਿਚ ਐੱਮ.ਏ. ਕੀਤੀ ਅਤੇ ਫਿਰ ‘ਥੀਮ ਵਿਗਿਆਨ: ਵਿਧਾਂਤ ਤੇ ਵਿਚਾਰ’ ਉੱਪਰ ਕੰਮ ਕਰਦਿਆਂ ਹੋਇਆਂ ਰਘਬੀਰ ਢੰਡ ਦੇ ਗਲਪ ਸੰਸਾਰ ਨੂੰ ਪੀਐੱਚ.ਡੀ. ਦੀ ਉਚੇਰੀ ਡਿਗਰੀ ਲਈ ਆਪਣੇ ਖੋਜ-ਕਾਰਜ ਦਾ ਵਿਸ਼ਾ ਬਣਾਇਆ। ਉਨ੍ਹਾਂ ਨੇ ਪਹਿਲਾਂ ਕੁਝ ਸਮੇਂ ਲਈ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਤਦ-ਅਰਥ ਆਧਾਰ ‘ਤੇ ਲੈੱਕਚਰਾਰ ਵਜੋਂ ਕੰਮ ਕੀਤਾ ਅਤੇ ਫਿਰ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਬਤੌਰ ਲੈਕਚਰਾਰ ਪੱਕੀ ਨੌਕਰੀ ਕੀਤੀ। ਉਪਰੰਤ, ਉਨ੍ਹਾਂ ਨੇ ਸਾਂਵਲ ਧਾਮੀ ਨੂੰ ਆਪਣੇ ਬਾਰੇ ਅਤੇ ਆਪਣੀਆਂ ਕਹਾਣੀਆਂ ਤੇ ਹੋਰ ਕਾਰਜਾਂ ਬਾਰੇ ਗੱਲ ਕਰਨ ਲਈ ਬੇਨਤੀ ਕੀਤੀ।
ਆਪਣੇ ਬਾਰੇ ਦੱਸਦਿਆਂ ਹੋਇਆਂ ਸਾਂਵਲ ਧਾਮੀ ਨੇ ਕਿਹਾ ਕਿ ਉਹ ਪੰਜਾਬ ਦੇ ਆਮ ਕਿਸਾਨੀ ਪਰਿਵਾਰ ਨਾਲ ਸਬੰਧਿਤ ਹਨ। ਪਿਤਾ ਜੀ ਕਿਸਾਨ ਹਨ ਤੇ ਮਾਤਾ ਜੀ ਘਰੇਲੂ ਔਰਤ। ਪਿੰਡਾਂ ਵਿਚ ਵਿਚਰਦਿਆਂ ਹੋਇਆਂ ਉਹ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਤੋਂ ਭਲੀ-ਭਾਂਤ ਵਾਕਿਫ਼ ਹਨ। ਪਰਿਵਾਰਿਕ ਪਿਛੋਕੜ ਬਾਰੇ ਗੱਲ ਕਰਦਿਆਂ ਸਾਂਵਲ ਧਾਮੀ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਅਤੇ ਉਨ੍ਹਾਂ ਦੇ ਵੱਡੇ ਭਰਾ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਵਿਚ ਭਰਪੂਰ ਹਿੱਸਾ ਲੈਂਦੇ ਰਹੇ ਅਤੇ ਇਸ ਦੌਰਾਨ ਉਹ ਕਈ ਵਾਰ ਜੇਲ੍ਹ ਗਏ। ਦਾਦਾ ਜੀ ਦੇ ਵੱਡੇ ਭਾਈ ਸਾਹਿਬ ਨੂੰ ਤਾਂ ਇਨ੍ਹਾਂ ਸਰਗ਼ਰਮੀਆਂ ਲਈ ਫ਼ਾਸੀ ਵੀ ਸੁਣਾਈ ਗਈ ਜੋ ਬਾਅਦ ਵਿਚ ‘ਕਾਲ਼ੇ ਪਾਣੀ ਦੀ ਸਜ਼ਾ’ ਵਿਚ ਬਦਲ ਦਿੱਤੀ ਗਈ ਅਤੇ ਉਨ੍ਹਾਂ ਉੱਥੇ ਹੀ ਆਪਣੇ ਆਖ਼ਰੀ ਸਵਾਸ ਲਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੌਕਰੀ ਬਹੁਤੀ ਪਿੰਡ ਦੇ ਸਕੂਲਾਂ ਵਿਚ ਕੀਤੀ ਹੈ ਅਤੇ ਉਹ ਸ਼ਹਿਰੀ ਜੀਵਨ ਤੋਂ ਲੱਗਭੱਗ ਅਣਭਿੱਜ ਹੀ ਹਨ। ਇਸ ਲਈ ਉਨ੍ਹਾਂ ਦੀਆਂ ਕਹਾਣੀਆਂ ਵਿਚ ਪਾਠਕਾਂ ਨੂੰ ਪੇਂਡੂ ਜੀਵਨ ਦੀ ਝਲਕ ਵਧੇਰੇ ਵਿਖਾਈ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂ-ਸ਼ੁਰੂ ਵਿਚ ਕੁਝ ਕਵਿਤਾਵਾਂ ਵੀ ਲਿਖੀਆਂ ਪਰ ਫਿਰ ਬਹੁਤਾ ਝੁਕਾਅ ਕਹਾਣੀਆਂ ਲਿਖਣ ਵੱਲ ਹੋ ਗਿਆ ਅਤੇ ਉਨ੍ਹਾਂ ਨੇ ਪਹਿਲੀ ਕਹਾਣੀ ਸਕੂਲ ਵਿਚ ਨੌਕਰੀ ਆਰੰਭ ਕਰਨ ਤੋਂ ਬਾਅਦ ਲਿਖੀ। ਉਨ੍ਹਾਂ ਦੀ ਕਹਾਣੀਆਂ ਦੀ ਪਹਿਲੀ ਪੁਸਤਕ ‘ਕੈਨਵਸ ਦੇ ਭਟਕਦੇ ਰੰਗ’ 2001 ਵਿਚ ਛਪੀ। ਫਿਰ ਉਨ੍ਹਾਂ ਨੇ ਆਪਣੇ ਖੋਜ-ਕਾਰਜ ਨਾਲ ਸਬੰਧਿਤ ਦੋ ਪੁਸਤਕਾਂ ‘ਥੀਮ ਵਿਗਿਆਨ: ਵਿਧਾਂਤ ਤੇ ਵਿਚਾਰ’ ਅਤੇ ‘ਰਘਬੀਰ ਢੰਡ ਦਾ ਗਲਪ ਸੰਸਾਰ 2009 ਵਿਚ ਛਪਵਾਈਆਂ। ਉਨ੍ਹਾਂ ਦੀ ਕਹਾਣੀਆਂ ਦੀ ਦੂਸਰੀ ਪੁਸਤਕ ‘ਤੂੰ ਨਿਹਾਲਾ ਨਾ ਬਣੀਂ’ 2013 ਵਿਚ ਛਪ ਕੇ ਪਾਠਕਾਂ ਦੇ ਦ੍ਰਿਸ਼ਟੀ-ਗੋਚਰ ਹੋਈ।
ਸਾਂਵਲ ਧਾਮੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅੰਦਰ ਬੈਠਾ ਆਲੋਚਕ ਉਨ੍ਹਾਂ ਨੂੰ ਬਹੁਤਾ ਲਿਖਣ ਨਹੀਂ ਦਿੰਦਾ। ਇਸ ਲਈ ਉਨ੍ਹਾਂ ਨੇ ਬਹੁਤ ਘੱਟ ਲਿਖਿਆ ਹੈ ਪਰ ਜਿੰਨਾ ਵੀ ਲਿਖਿਆ ਹੈ, ਉਸ ਨਾਲ ਉਨ੍ਹਾਂ ਨੂੰ ਤਸੱਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਮਹੱਤਵਪੂਰਨ ਖੋਜ-ਕਾਰਜ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਦੀ 15 ਅਗਸਤ 1947 ਨੂੰ ਹੋਈ ਦੁਖਦਾਇਕ ਵੰਡ ਦੇ 800 ਤੋਂ ਵਧੇਰੇ ਪੀੜਤਾਂ ਨਾਲ ਇੰਟਰਵਿਊਆਂ ਕੀਤੀਆਂ ਹਨ ਅਤੇ ਉਹ ਹੁਣ ਤੀਕ ਇਨ੍ਹਾਂ ਵਿੱਚੋਂ 600 ਇੰਟਰਵਿਊਆਂ ਨੂੰ ਯੂ-ਟਿਊਬ ਉੱਪਰ ਪਾ ਚੁੱਕੇ ਹਨ ਅਤੇ ਬਾਕੀ ਵੀ ਜਲਦੀ ਹੀ ਪਾ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਛੁੱਟੀਆਂ ਛੋਹੇ ਹੋਏ ਇਸ ਕਾਰਜ ਦੇ ਲੇਖੇ ਹੀ ਲਾਉਂਦੇ ਹਨ, ਇਹ ਕਾਰਜ ਨਿਰੰਤਰ ਜਾਰੀ ਹੈ ਅਤੇ ਉਨ੍ਹਾਂ ਦਾ ਟੀਚਾ ਇਨ੍ਹਾਂ ਇੰਟਰਵਿਊਆਂ ਨੂੰ 1000 ਤੀਕ ਪਹੁੰਚਾਉਣ ਦਾ ਹੈ। ਇਨ੍ਹਾਂ ਦੁਖਦਾਈ ਕਥਾਵਾਂ ਨਾਲ ਸਬੰਧਿਤ ਉਨ੍ਹਾਂ ਦੀ ਪੁਸਤਕ ‘ਦੁੱਖੜੇ ਸੰਨ ਸੰਤਾਲੀ ਦੇ’ ਏਸੇ ਸਾਲ 2021 ਵਿਚ ਛਪੀ ਹੈ ਜਿਸ ਵਿਚ 38 ਕਹਾਣੀਆਂ ਸ਼ਾਮਲ ਹਨ। ਉਪਰੰਤ, ਕਹਾਣੀਕਾਰਾਂ ਗੁਰਮੀਤ ਪਨਾਗ ਤੇ ਕੁਲਜੀਤ ਮਾਨ, ਆਲੋਚਕ ਡਾ. ਹਰਿੰਦਰ ਸਿੰਘ ਅਤੇ ਚਿੰਤਕ ਬਲਰਾਜ ਚੀਮਾ ਵੱਲੋਂ ਪੰਜਾਬੀ ਕਹਾਣੀ ਦੀ ਵਿਧਾ ਬਾਰੇ ਕਈ ਸੁਆਲ ਕੀਤੇ ਗਏ ਜਿਨ੍ਹਾਂ ਦੇ ਤਸੱਲੀ ਭਰਪੂਰ ਜੁਆਬ ਸਾਂਵਲ ਧਾਮੀ ਵੱਲੋਂ ਦਿੱਤੇ ਗਏ। ਸਭਾ ਦੇ ਮੈਂਬਰ ਡਾ. ਜਗਮੋਹਨ ਸਿੰਘ ਸੰਘਾ ਵੱਲੋਂ ‘ਸੰਤਾਲੀਨਾਮਾ’ ਬਾਰੇ ਕੀਤੇ ਗਏ ਸੁਆਲ, “ਇਸ ਵਿਚਲੀਆਂ ਇੰਟਰਵਿਊਆਂ ਦੀ ਸ਼ੁਰੂਆਤ ਕਿਵੇਂ ਹੋਈ?” ਦੇ ਜੁਆਬ ਵਿਚ ਉਨ੍ਹਾਂ ਦੱਸਿਆ ਕਿ ਕਣਕਾਂ ਦੀਆਂ ਵਾਢੀਆਂ ਦੇ ਸਮੇਂ ਉਨ੍ਹਾਂ ਦੀ ਡਿਊਟੀ ਖੇਤਾਂ ਵਿਚ ‘ਵਾਢਿਆਂ’ ਨੂੰ ਪਾਣੀ ਪਿਆਉਣ ਦੀ ਲੱਗਦੀ ਹੁੰਦੀ ਸੀ ਅਤੇ ਉਨ੍ਹਾਂ ਨੂੰ ਪਾਣੀ ਆਪਣੇ ਗਵਾਂਢੀ ਪਿੰਡੋਂ ‘ਚੱਕ ਗੁੱਜਰਾਂ’ ਦੇ ਇਕ ਨਲ਼ਕੇ ਤੋਂ ਲਿਆਉਣਾ ਪੈਂਦਾ ਸੀ। ਉੱਥੇ ਇਕ ਬਜ਼ੁਰਗ ਨਾਲ ਉਨ੍ਹਾਂ ਦੀ ਸੰਖੇਪ ਮੁਲਾਕਾਤ ਹੋਈ ਜੋ ਉਨ੍ਹਾਂ ਨੂੰ ਕੁਝ ਦੱਸਣਾ ਚਾਹੁੰਦਾ ਸੀ ਅਤੇ ਫਿਰ ਉਸ ਦੀ ਦੱਸੀ ਹੋਈ ਕਹਾਣੀ ਤੋਂ ਬਾਅਦ ਇੰਟਰਵਿਊਆਂ ਦਾ ਇਹ ਸਿਲਸਿਲਾ ਆਰੰਭ ਹੋ ਗਿਆ।
ਸਮਾਗਮL ਦੇ ਦੂਸਰੇ ਭਾਗ ਵਿਚ ਹੋਏ ਕਵੀ-ਦਰਬਾਰ ਦਾ ਸੰਚਾਲਨ ਪਰਮਜੀਤ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ ਜਿਸ ਵਿਚ ਉਨ੍ਹਾ ਸੱਭ ਤੋਂ ਪਹਿਲਾਂ ਪਾਕਿਸਤਾਨੀ ਕਵਿੱਤਰੀ ਰੇਦਮੀ ਨੂੰ ਆਪਣੀ ਕਵਿਤਾ ਪੇਸ਼ ਕਰਨ ਲਈ ਬੇਨਤੀ ਕੀਤੀ ਜਿਸ ਨੇ 1947 ਦੀ ਵੰਡ ਬਾਰੇ ਭਾਵਪੂਰਤ ਕਵਿਤਾ ‘ਮੁਆਫ਼ੀਨਾਮਾ’ ਸੁਣਾਈ। ਉਪਰੰਤ, ਡਾ. ਹਰਿੰਦਰ, ਡਾ. ਰਵਿੰਦਰ ਭਾਟੀਆ, ਡਾ. ਰੀਟਾ ਪਾਲ, ਪਾਕਿਸਤਾਨ ਤੋਂ ਮਲਿਕ ਤਾਹਿਰ ਰਸੂਲ, ਸਾਂਵਲ ਧਾਮੀ, ਹਰਜੀਤ ਬਾਜਵਾ, ਮਕਸੂਦ ਚੌਧਰੀ, ਡਾ. ਜਗਮੋਹਨ ਸੰਘਾ, ਸੁਖਦੇਵ ਝੰਡ, ਤਲਵਿੰਦਰ ਮੰਡ, ਪਰਮਜੀਤ ਸਿੰਘ ਗਿੱਲ ਅਤੇ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਕਬਾਲ ਬਰਾੜ, ਰਿੰਟੂ ਭਾਟੀਆ ਅਤੇ ਗੁਰਤੇਜ ਔਲਖ ਵੱਲੋਂ ਆਪਣੀਆਂ ਖ਼ੂਬਸੂਰਤ ਆਵਾਜਾਂ ਵਿਚ ਗੀਤ ਸੁਣਾਏ ਗਏ, ਜਦ ਕਿ ਮਲੂਕ ਸਿੰਘ ਵੱਲੋਂ ਇਕ ਮਿੰਨੀ-ਕਹਾਣੀ ਪੇਸ਼ ਕੀਤੀ ਗਈ। ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਸਮਾਗ਼ਮ ਦੇ ਮੁੱਖ-ਬੁਲਾਰੇ ਸਾਂਵਲ ਧਾਮੀ, ਹੋਰ ਬੁਲਾਰਿਆ, ਸਭਾ ਦੇ ਮੈਂਬਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਜ਼ੂਮ-ਸਮਾਗ਼ਮ ਵਿਚ ਕ੍ਰਿਪਾਲ ਸਿੰਘ ਪੰਨੂੰ, ਡਾ. ਅਮਰਜੀਤ ਸਿੰਘ ਬਨਵੈਤ, ਪਰਗਟ ਧਾਮੀ, ਨਛੱਤਰ ਸਿੰਘ ਬਦੇਸ਼ਾ, ਹਰਜਸਪ੍ਰੀਤ ਗਿੱਲ ਤੇ ਕਈ ਹੋਰ ਸ਼ਾਮਲ ਸਨ।