ਮੁੰਬਈ, 14 ਜੁਲਾਈ
ਬੌਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਇਮਾਰਤ ਵਿੱਚ ਡੈਲਟਾ ਦੇ ਮਾਮਲੇ ਆਏ ਹਨ ਤੇ ਸੁਸਾਇਟੀ ਨੂੰ ਨਗਰ ਨਿਗਮ ਗਰੇਟਰ ਮੁੰਬਈ ਨੇ ਸੀਲ ਕਰ ਦਿੱਤਾ ਹੈ। ਸ਼ੈੱਟੀ ਜੋ ਕਿ ਦੱਖਣੀ ਮੁੰਬਈ ਦੇ ਅਲਟਾਮਾਊਂਟ ਰੋਡ ’ਤੇ ਪ੍ਰਿਥਵੀ ਅਪਾਰਟਮੈਂਟਸ ਵਿੱਚ ਰਹਿੰਦਾ ਹੈ, ਨੇ ਦਾਅਵਾ ਕੀਤਾ ਹੈ ਕਿ ਉਸ ਦੀ ਇਮਾਰਤ ਵਿੱਚ ਕੋਈ ਵੀ ਡੈਲਟਾ ਕੇਸ ਨਹੀਂ ਹੈ। ਸੁਸਾਇਟੀ ਦੇ ਇਕ ਵਿੰਗ ਨੂੰ ਨੋਟਿਸ ਦਿੱਤਾ ਗਿਆ ਹੈ ਪਰ ਪੂਰੀ ਇਮਾਰਤ ਨੂੰ ਸੀਲ ਨਹੀਂ ਕੀਤਾ ਗਿਆ। ਸੁਨੀਲ ਸ਼ੈੱਟੀ ਨੇ ਟਵੀਟ ਕੀਤਾ, ‘ਵਾਹ! ਇਹ ਕਹਿਣਾ ਲਾਜ਼ਮੀ ਹੈ ਕਿ ਝੂਠੀਆਂ ਖਬਰਾਂ ਕਿਸੇ ਵਾਇਰਸ ਨਾਲੋਂ ਵੀ ਵੱਧ ਤੇਜ਼ੀ ਨਾਲ ਫੈਲਦੀਆਂ ਹਨ। ਲੋਕ ਕਿਰਪਾ ਕਰਕੇ ਡਰ ਫੈਲਾਉਣਾ ਬੰਦ ਕਰਨ। ਮੇਰੀ ਸੁਸਾਇਟੀ ਵਿੱਚ ਕੋਈ ਵੀ ਡੈਲਟਾ ਕੇਸ ਨਹੀਂ ਹੈ। ਸਿਰਫ ਇਕ ਕੋਵਿਡ-19 ਕੇਸ ਹੈ ਤੇ ਮਰੀਜ਼ ਬਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਅਧੀਨ ਹੈ।’ ਉਸ ਨੇ ਅੱਗੇ ਲਿਖਿਆ, ‘ਮੇਰੀ ਇਮਾਰਤ ਸੁਰੱਖਿਅਤ ਹੈ ਤੇ ਪਰਿਵਾਰ ਠੀਕ ਹੈ। ਇਕ ਵਿੰਗ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਪਰ ਪੂਰੀ ਇਮਾਰਤ ਨੂੰ ਸੀਲ ਨਹੀਂ ਕੀਤਾ ਗਿਆ।’