ਮੁੰਬਈ, 9 ਅਪਰੈਲ
ਅਦਾਕਾਰਾ ਅਲਾਇਆ ਐੱਫ ਦਾ ਕਹਿਣਾ ਹੈ ਕਿ ਉਸ ਦੀ ਮਾਂ ਪੂਜਾ ਬੇਦੀ ਬਹੁਤ ਹੀ ਸਕਾਰਾਤਮਕ ਸ਼ਖ਼ਸੀਅਤ ਹੈ। ਉਸ ਨੇ ਦੱਸਿਆ ਕਿ ਉਸ ਦੀ ਮਾਂ ਬਗੈਰ ਝਿਜਕ ਆਪਣੇ ਵਿਚਾਰ ਸਾਂਝੇ ਕਰਦੀ ਹੈ ਅਤੇ ਕੋਈ ਗੱਲ ਘੁਮਾਉਂਦੀ ਨਹੀਂ ਹੈ। ਉਸ ਨੇ ਦੱਸਿਆ ਕਿ ਉਹ ਦੋਵੇਂ ਜਣੀਆਂ ਜਦੋਂ ਵੀ ਫ਼ਿਲਮੀ ਜਗਤ ਬਾਰੇ ਤਜਰਬੇ ਸਾਂਝੇ ਕਰਦੀਆਂ ਹਨ ਤਾਂ ਉਨ੍ਹਾਂ ਦੀ ਗੱਲਬਾਤ ਹਮੇਸ਼ਾ ਸਕਾਰਾਤਮਕ ਹੁੰਦੀ ਹੈ।
ਖ਼ਬਰ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਅਲਾਇਆ ਨੇ ਕਿਹਾ, ‘‘ਚੰਗੀ ਗੱਲ ਇਹ ਹੈ ਕਿ ਉਹ ਬਹੁਤ ਹੀ ਸਕਾਰਾਤਮਕ ਸ਼ਖ਼ਸੀਅਤ ਹੈ। ਉਸ ਦਾ ਧਿਆਨ ਮੈਨੂੰ ਸਕਾਰਾਤਮਕ ਗੱਲਾਂ ਦੱਸਣ ’ਤੇ ਹੀ ਕੇਂਦਰਿਤ ਹੁੰਦਾ ਹੈ। ਉਹ ਮੈਨੂੰ ਸਭ ਕੁਝ ਦੱਸ ਦੇਣਗੇ, ਜੋ ਮੈਂ ਜਾਣਨਾ ਚਾਹੁੰਦੀ ਹਾਂ। ਸਿਨੇ ਜਗਤ ਬਾਰੇ ਹੋਈ ਬਹੁਤੀ ਚਰਚਾ ਸਕਾਰਾਤਮਕ ਹੀ ਰਹੀ ਹੈ।’’ ਅਲਾਇਆ ਨੇ ਦੱਸਿਆ ਕਿ ਉਸ ਦੀ ਮਾਂ ਨੇ ਕਦੇ ਵੀ ਅਦਾਕਾਰਾ ਬਣਨ ਬਾਰੇ ਨਹੀਂ ਸੋਚਿਆ ਸੀ।
ਉਸ ਨੇ ਕਿਹਾ, ‘‘ਮੇਰੀ ਮਾਂ ਦੀ ਕਦੇ ਵੀ ਅਦਾਕਾਰਾ ਬਣਨ ਦੀ ਇੱਛਾ ਨਹੀਂ ਸੀ। ਅਦਾਕਾਰਾ ਬਣਨਾ ਉਸ ਦਾ ਕਦੇ ਵੀ ਵੱਡਾ ਸੁਫ਼ਨਾ ਨਹੀਂ ਰਿਹਾ। ਉਹ ਬਸ ਕਿਸੇ ਤਰੀਕੇ ਫਿਲਮਾਂ ’ਚ ਆ ਗਈ।’ ਦੱਸਣਯੋਗ ਹੈ ਕਿ ਅਲਾਇਆ, ਜਿਸ ਨੇ ਫਿਲਮ ‘ਜਵਾਨੀ ਜਾਨੇਮਨ’ ਰਾਹੀਂ ਫਿਲਮ ਜਗਤ ’ਚ ਪੈਰ ਧਰਿਆ ਸੀ, ਹਾਲ ’ਚ ਹੀ ਸੰਗੀਤ ਵੀਡੀਓ ‘ਆਜ ਸਜਿਆ’ ਵਿੱਚ ਨਜ਼ਰ ਆਈ ਸੀ। ਇਸ ਗੀਤ ਦਾ ਲੇਖਕ, ਸੰਗੀਤਕਾਰ ਤੇ ਗਾਇਕ ਗੋਲਡੀ ਸੋਹੇਲ ਹੈ। ਇਸ ਵੀਡੀਓ ਵਿੱਚ ਅਲਾਇਆ ਲਾੜੀ ਦੇ ਲਿਬਾਸ ’ਚ ਨਜ਼ਰ ਆਈ ਹੈ।