ਨਵੀਂ ਦਿੱਲੀ:ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ 18 ਸਾਲਾ ਤੋਂ ਅਦਾਕਾਰੀ ਦੇ ਖੇਤਰ ਵਿੱਚ ਹੈ ਅਤੇ ਉਸ ਲਈ ਇਹ ਸਫ਼ਰ ਸੌਖਾ ਨਹੀਂ ਰਿਹਾ ਹੈ। ਹਾਲ ਹੀ ਵਿੱਚ ਕੌਮਾਂਤਰੀ ਪੱਧਰ ’ਤੇ ਆਪਣੀ ਅਦਾਕਾਰੀ ਨਾਲ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਕਹਿਣਾ ਹੈ ਕਿ ਇਹ ਉਹ ਅੱਜ ਜਿਸ ਮੁਕਾਮ ’ਤੇ ਪੁੱਜੀ ਹੈ ਇਹ ਉਸ ਦੇ ਫੈਸਲਿਆਂ ਦਾ ਨਤੀਜਾ ਹੈ ਅਤੇ ਉਸ ਨੂੰ ਉਸ ’ਤੇ ਮਾਣ ਹੈ। ਪ੍ਰਿਯੰਕਾ ਨੇ ਸਾਲ 2003 ਵਿੱਚ ਫਿਲਮ ‘ਦਿ ਹੀਰੋ: ਲਵ ਸਟੋਰੀ ਆਫ ਏ ਸਪਾੲੇ’ ਨਾਲ ਸਿਨੇ ਜਗਤ ਵਿਚ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਫਿਰ ਉਸ ਨੇ ‘ਫ਼ੈਸ਼ਨ’, ‘ਕ੍ਰਿਸ਼’, ‘ਬਰਫ਼ੀ’, ‘ਅਗਨੀਪੱਥ’, ‘ਦਿਲ ਧੜਕਨੇ ਦੋ’, ‘ਬਾਜੀਰਾਓ ਮਸਤਾਨੀ’ ਅਤੇ ‘ਮੈਰੀ ਕੌਮ’ ਵਰਗੀਆਂ ਫ਼ਿਲਮਾਂ ਵਿਚ ਕੰਮ ਕੀਤਾ। ਸਾਲ 2015 ਵਿੱਚ ਪ੍ਰਿਯੰਕਾ ਨੇ ‘ਕੁਆਂਟਿਕੋ’ ਨਾਲ ਹੌਲੀਵੁੱਡ ਵਿੱਚ ਪੈਰ ਧਰਿਆ ਸੀ ਅਤੇ ਉਸ ਤੋਂ ਬਾਅਦ ਉਸ ਦਾ ਸਫ਼ਰ ਬੇਰੋਕ ਜਾਰੀ ਹੈ। ਹਾਲ ਹੀ ਵਿੱਚ ਉਸ ਦੀ ਕਿਯਾਨੋ ਰੀਵਜ਼ ਨਾਲ ਕੌਮਾਂਤਰੀ ਫ਼ਿਲਮ ‘ਦਿ ਮੈਟਰਿਕਸ ਰੀਸਰੱਕਸ਼ਨਜ਼’ ਆਈ ਹੈ। ਆਪਣੇ ਇੱਕ ਦਹਾਕੇ ਤੋਂ ਲੰਮੇ ਸਫ਼ਰ ਬਾਰੇ ਗੱਲ ਕਰਦਿਆਂ ਪ੍ਰਿਯੰਕਾ ਨੇ ਦੱਸਿਆ, ‘‘ਮੈਨੂੰ ਲੰਮਾ ਸਫ਼ਰ ਤੈਅ ਕਰਨਾ ਪਿਆ ਤੇ ਮੈਂ ਤੁਹਾਨੂੰ ਇਹ ਦੱਸ ਸਕਦੀ ਹਾਂ। ਇਸ ਸਫ਼ਰ ਦੌਰਾਨ ਕਈ ਉਤਰਾਅ-ਚੜ੍ਹਾਅ ਆਏ। ਇਹ ਸੌਖਾ ਨਹੀਂ ਸੀ। ਮੇਰਾ ਮੁਕਾਮ ਮੇਰੇ ਫ਼ੈਸਲਿਆਂ ਦਾ ਨਤੀਜਾ ਹੈ ਅਤੇ ਮੈਂ ਅੱਜ ਜਿਸ ਮੁਕਾਮ ’ਤੇ ਹਾਂ, ਮੈਨੂੰ ਉਸ ’ਤੇ ਬਹੁਤ ਮਾਣ ਹੈ।’’