ਕੋਲਕਾਤਾ, 22 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ 26 ਵਿਰੋਧੀ ਪਾਰਟੀਆਂ ਦਾ ਗੱਠਜੋੜ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) 2024 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਹਰਾਏਗਾ। ਬੈਨਰਜੀ ਨੇ ‘ਜਿੱਤੇਗਾ ਭਾਰਤ’ ਦਾ ਨਾਅਰਾ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਇਕੋ ਇਕ ਟੀਚਾ ‘‘ਗੱਠਜੋੜ ਦੀ ਜਿੱਤ ਯਕੀਨੀ ਬਣਾਉਣਾ ਹੈ, ਕੋਈ ਅਹੁਦਾ ਲੈਣਾ ਨਹੀਂ।’’ ਮਨੀਪੁਰ ਸੰਕਟ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਟੀਐੱਮਸੀ ਸੁਪਰੀਮੋ ਨੇ ਕਿਹਾ ਕਿ ਭਾਜਪਾ ਦੀ ‘ਬੇਟੀ ਬਚਾਓ’ ਸਕੀਮ ਹੁਣ ‘ਬੇਟੀ ਜਲਾਓ’ ਵਿੱਚ ਤਬਦੀਲ ਹੋ ਗਈ ਹੈ। ਮੁੱਖ ਮੰਤਰੀ ਨੇ ਹੈਰਾਨੀ ਜਤਾਈ ਕਿ ਨਸਲੀ ਹਿੰਸਾ ਦੇ ਝੰਬੇ ਮਨੀਪੁਰ ਵਿੱਚ ਹੁਣ ਤੱਕ 160 ਜਾਨਾਂ ਗਈਆਂ ਹਨ, ਪਰ ਕੇਂਦਰ ਸਰਕਾਰ ਨੇ ਅਜੇ ਤੱਕ ਉੱਤਰ-ਪੂਰਬੀ ਰਾਜ ਵਿੱਚ ਕੇਂਦਰੀ ਟੀਮਾਂ ਭੇਜਣ ਦੀ ਜ਼ਹਿਮਤ ਨਹੀਂ ਕੀਤੀ।
ਇਥੇ ਸ਼ਹੀਦਾਂ ਦੇ ਦਿਹਾੜੇ ਮੌਕੇ ਪਾਰਟੀ ਦੀ ਸਾਲਾਨਾ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਕਿਸੇ ਅਹੁਦੇ ਦੀ ਫਿਕਰ ਨਹੀਂ ਕਰਦੇ; ਅਸੀਂ ਆਪਣੇ ਦੇਸ਼ ਵਿੱਚ ਸ਼ਾਂਤੀ ਤੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੇ ਹਾਂ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਭਾਜਪਾ 2024 ਵਿੱਚ ਮੁੜ ਸੱਤਾ ਵਿੱਚ ਆ ਗਈ ਤਾਂ ਸਾਡੇ ਦੇਸ਼ ਵਿੱਚ ਕੋਈ ਲੋਕਤੰਤਰ ਨਹੀਂ ਹੋਵੇਗਾ। ਸਾਨੂੰ ਉਨ੍ਹਾਂ ਨੂੰ ਸੱਤਾ ’ਚੋਂ ਬਾਹਰ ਕਰਨਾ ਹੋਵੇਗਾ। ਮੈਂ ਅੱਜ ਤੁਹਾਨੂੰ ‘ਭਾਜਪਾ ਹਾਰੇਗੀ, ਭਾਰਤ ਜਿੱਤੇਗਾ’ ਤੇ ‘ਜਿੱਤੇਗਾ ਭਾਰਤ’ ਦਾ ਨਾਅਰਾ ਦਿੰਦੀ ਹਾਂ। ਮੈਂ 26 ਸਿਆਸੀ ਪਾਰਟੀਆਂ ਨੂੰ ਇਕ ਮੰਚ ’ਤੇ ਆਉਣ ਅਤੇ ਭਾਜਪਾ ਨੂੰ ਹਰਾਉਣ ਲਈ ‘ਇੰਡੀਆ’ ਦੇ ਗਠਨ ਲਈ ਵਧਾਈ ਦਿੰਦੀ ਹਾਂ।’’ ਬੈਨਰਜੀ ਨੇ ਮਨੀਪੁਰ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਰੋਧੀ ਧਿਰਾਂ ਦੇ ਇਸ ਗੱਠਜੋੜ ਦੇ ਆਗੂ ਉੱਤਰ-ਪੂਰਬੀ ਰਾਜ ਦੇ ਹਰੇਕ ਨਾਗਰਿਕ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਹਿਲਾਵਾਂ ਦੀ ਹਾਲਤ ਤੋਂ ਭਾਜਪਾ ਦੀਆਂ ਨੀਤੀਆਂ ਦੀ ਝਲਕ ਮਿਲਦੀ ਹੈ। ਬੈਨਰਜੀ ਨੇ ਕਿਹਾ ਕਿ ਗੈਰ-ਐੱਨਡੀਏ ਪਾਰਟੀਆਂ ਦੇ ਮੁੱਖ ਮੰਤਰੀਆਂ ਦਾ ਵਫ਼ਦ ਮਨੀਪੁਰ ਦਾ ਦੌਰਾ ਕਰੇਗਾ।