ਪੁਣੇ, ਪੁਰਸ਼ ਸਿੰਗਲਜ਼ ਵਿੱਚ ਮੇਈਰਾਬਾ ਲੁਵਾਂਗ ਅਤੇ ਮਿਕਸਡ ਡਬਲਜ਼ ਵਿੱਚ ਤਨੀਸ਼ਾ ਕ੍ਰਾਸਟੋ ਤੇ ਇਸ਼ਾਨ ਭਟਨਾਗਰ ਦੀ ਜੋੜੀ ਦੀ ਫਾਈਨਲ ਵਿੱਚ ਹਾਰ ਨਾਲ ਯੋਨੈਕਸ ਸਨਰਾਈਜ਼ ਇੰਡੀਆ ਜੂਨੀਅਰ ਕੌਮਾਂਤਰੀ ਗ੍ਰਾਂ ਪ੍ਰੀ 2019 ਵਿੱਚ ਭਾਰਤ ਦਾ ਦੂਹਰਾ ਖ਼ਿਤਾਬ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ।
ਰੂਸ ਜੂਨੀਅਰ ਵ੍ਹਾਈਟ ਨਾਈਟਸ ਚੈਂਪੀਅਨਸ਼ਿਪ ਦੇ ਜੇਤੂ ਅਤੇ ਵਿਸ਼ਵ ਜੂਨੀਅਰ ਦਰਜਾਬੰਦੀ ਵਿੱਚ 15ਵੇਂ ਸਥਾਨ ’ਤੇ ਕਾਬਜ਼ ਮੇਈਰਾਬਾ ਨੂੰ ਰੈਂਕਿੰਗਜ਼ ਵਿੱਚ 495ਵੇਂ ਸਥਾਨ ’ਤੇ ਕਾਬਜ਼ ਮਲੇਸ਼ੀਆ ਦੇ ਕੇਨ ਯੋਨ ਓਂਗ ਖ਼ਿਲਾਫ਼ ਜਿੱਤ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਪਰ ਉਹ ਉਲਟਫੇਰ ਦਾ ਸ਼ਿਕਾਰ ਹੋ ਗਿਆ। ਮਲੇਸ਼ੀਆ ਦੇ ਖਿਡਾਰੀ ਨੇ ਮਨੀਪੁਰ ਦੇ ਮੇਈਰਾਬਾ ਨੂੰ ਇੱਕ ਘੰਟੇ ਸੱਤ ਮਿੰਟ ਤੱਕ ਚੱਲੇ ਦਿਲਚਸਪ ਮੁਕਾਬਲੇ ਵਿੱਚ 13-21, 21-19, 23-21 ਨਾਲ ਸ਼ਿਕਸਤ ਦਿੱਤੀ।
ਕ੍ਰਾਸਟੋ ਅਤੇ ਭਟਨਾਗਰ ਦੀ ਜੋੜੀ ਲਈ ਤਿੰਨ ਹਫ਼ਤੇ ਵਿੱਚ ਇਹ ਤੀਜਾ ਫਾਈਨਲ ਸੀ, ਪਰ ਉਹ ਖ਼ਿਤਾਬ ਦੀ ਹੈਟ੍ਰਿਕ ਲਾਉਣ ਤੋਂ ਖੁੰਝ ਗਈ। ਭਾਰਤੀ ਜੋੜੀ ਥਾਈਲੈਂਡ ਦੀ ਦੂਜਾ ਦਰਜਾ ਪ੍ਰਾਪਤ ਬੇਨਿਅਪਾ ਐਮਸਾਰਦ ਅਤੇ ਰਤਚਾਪੋਲ ਮੱਕਾਸਾਸਿਥੋਰਨ ਦੀ ਜੋੜੀ ਤੋਂ 12-21, 22-20, 20-22 ਨਾਲ ਹਾਰ ਗਈ। ਮਿਕਸਡ ਡਬਲਜ਼ ਵਿੱਚ ਜੇਤੂ ਬਣਨ ਮਗਰੋਂ ਮਹਿਲਾ ਸਿੰਗਲਜ਼ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਬੇਨਿਅਪਾ ਨੇ ਦੂਜਾ ਦਰਜਾ ਪ੍ਰਾਪਤ ਰਿਕੋ ਗੁੰਜੀ ਨੂੰ 21-19, 18-21, 23-21 ਨਾਲ ਹਰਾ ਕੇ ਟੂਰਨਾਮੈਂਟ ਦਾ ਦੂਜਾ ਖ਼ਿਤਾਬ ਆਪਣੇ ਨਾਮ ਕੀਤਾ। ਮਹਿਲਾ ਡਬਲਜ਼ ਵਿੱਚ ਜਾਪਾਨ ਦੀ ਤੀਜਾ ਦਰਜਾ ਪ੍ਰਾਪਤ ਜਾਪਾਨ ਦੀ ਕਾਹੋ ਓਸਾਵਾ ਤੇ ਹਿਨਾਤਾ ਸੁਜ਼ੂਕੀ ਦੀ ਜੋੜੀ ਥਾਈਲੈਂਡ ਦੇ ਸੀਨੀਅਰ ਦਰਜਾ ਪ੍ਰਾਪਤ ਪੋਰਨਪਿਚਾ ਚੋਈਕੀਵੋਂਗ ਤੇ ਪੋਰਨਨਿਚਾ ਸੁਵਾਤਨੋਦੋਮ ਦੀ ਜੋੜੀ ਨੂੰ 13-21, 21-15, 21-14 ਨਾਲ ਹਰਾ ਕੇ ਚੈਂਪੀਅਨ ਬਣੀ।
ਮਲੇਸ਼ੀਆ ਦੇ ਪੰਜਵਾਂ ਦਰਜਾ ਪ੍ਰਾਪਤ ਝਾਯ ਡਰ ਓਈ ਤੇ ਰਾਏ ਕਿੰਗ ਯਾਪ ਦੀ ਪੁਰਸ਼ਾਂ ਦੀ ਜੋੜੀ ਨੇ ਫਾਈਨਲ ਵਿੱਚ ਤੀਜਾ ਦਰਜਾ ਪ੍ਰਾਪਤ ਜਾਪਾਨ ਦੇ ਤਾਕੁਮਾ ਕਾਵਾਮੋਤੋ ਅਤੇ ਸੁਬਾਸਾ ਕਾਵਾਮੁਰਾ ਦੀ ਜੋੜੀ ਨੂੰ 17-21, 21-16, 23-21 ਨਾਲ ਸ਼ਿਕਸਤ ਦਿੱਤੀ।