ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧ ਮੂਸੇਵਾਲਾ ਦੇ ਕਰੀਬੀ ਪਰਗਟ ਸਿੰਘ ਦੇ ਘਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪਰਗਟ ਸਿੰਘ ਦੇ ਘਰ ਐਤਵਾਰ ਰਾਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪ੍ਰਗਟ ਸਿੰਘ ਨੂੰ ਇੰਗਲੈਂਡ ਦੇ ਨੰਬਰ ਤੋਂ ਫੋਨ ਆਇਆ। ਉਸ ਨੇ ਫੋਨ ਨਹੀਂ ਚੁੱਕਿਆ, ਜਿਸ ਤੋਂ ਬਾਅਦ ਉਸ ਨੂੰ ਇਕ ਮੈਸੇਜ ਆਇਆ, ਜਿਸ ਵਿਚ ਲਿਖਿਆ ਗਿਆ ਕਿ 30 ਲੱਖ ਰੁਪਏ ਉਸ ਨੂੰ ਦਿੱਤੇ ਜਾਣ ਨਹੀਂ ਤਾਂ ਉਹ ਅਗਲਾ ਹੋਵੇਗਾ, ਬੇਸ਼ੱਕ ਗੰਨਮੈਨ ਲੈ ਜਾਓ ਜਾਂ ਕਾਰ ਬੁਲੇਟ ਪਰੂਫ ਕਰਵਾਓ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਗਟ ਸਿੰਘ ਨੇ ਮੂਸੇਵਾਲਾ ਦੇ ਗੀਤਾਂ ਵਿੱਚ ਵੀ ਕੰਮ ਕੀਤਾ ਹੈ। ਵੈਸੇ, ਪ੍ਰਗਟ ਸਿੰਘ ਟਰਾਂਸਪੋਰਟ ਦਾ ਕੰਮ ਕਰਦਾ ਹੈ। ਬਦਮਾਸ਼ਾਂ ਨੇ ਲਾਰੈਂਸ ਗਰੁੱਪ ਤੋਂ ਹੋਣ ਦਾ ਦਾਅਵਾ ਕਰਕੇ ਫ਼ਿਰੌਤੀ ਦੀ ਮੰਗ ਕੀਤੀ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਧਮਕੀ ਲਾਰੈਂਸ ਗਰੁੱਪ ਵੱਲੋਂ ਭੇਜੀ ਗਈ ਹੈ ਜਾਂ ਨਹੀਂ। ਹੁਣ ਤਕ ਕਿਸੇ ਵੀ ਗਿਰੋਹ ਨੇ ਇਸ ਧਮਕੀ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਸੀਨੀਅਰ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਫ਼ਿਲਹਾਲ ਬਚ ਰਹੇ ਹਨ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਗਭਗ 10 ਦਿਨ ਪਹਿਲਾਂ, ਪ੍ਰਗਟ ਸਿੰਘ ਨੇ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।