ਮਾਨਸਾ, 7 ਸਤੰਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 21 ਮੁਲਜ਼ਮਾਂ ਨੂੰ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰੀਤੀ ਸਾਹਨੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿੱਚ ਅਗਲੀ ਸੁਣਵਾਈ 20 ਸਤੰਬਰ ਨੂੰ ਹੋਵੇਗੀ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਹੋਣ ਕਾਰਨ ਪੇਸ਼ ਨਹੀਂ ਕੀਤਾ ਜਾ ਸਕਿਆ, ਜਦਕਿ ਜੱਗੂ ਭਗਵਾਨਪੁਰੀਆ ਕੁਰੂਕਸ਼ੇਤਰ ਦੀ ਪੁਲੀਸ ਕੋਲ ਰਿਮਾਂਡ ’ਤੇ ਹੋਣ ਕਾਰਨ ਪੇਸ਼ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਦੱਸਿਆ ਕਿ ਸਰਾਜ ਮਿੰਟੂ ਅਤੇ ਦੀਪਕ ਟੀਨੂੰ ਨੂੰ ਬਠਿੰਡਾ ਜੇਲ੍ਹ ਵਿੱਚੋਂ ਤਕਨੀਕੀ ਸਮੱਸਿਆ ਕਾਰਨ ਪੇਸ਼ ਨਹੀਂ ਕੀਤਾ ਜਾ ਸਕਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਪੇਸ਼ੀ ਮਗਰੋਂ ਦੱਸਿਆ ਕਿ ਉਨ੍ਹਾਂ ਨੂੰ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ ਅਤੇ ਆਸ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀ ਐੱਸਆਈਟੀ ਨੇ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਸਮੇਤ 31 ਮੁਲਜ਼ਮਾਂ ਵਿਰੁੱਧ ਦੋ ਚਾਰਜਸ਼ੀਟਾਂ ਦਾਇਰ ਕੀਤੀਆਂ ਹਨ ਅਤੇ ਪੁਲੀਸ ਨੇ ਕੁੱਲ 31 ਮੁਲਜ਼ਮਾਂ ਵਿੱਚੋਂ 27 ਨੂੰ ਗ੍ਰਿਫ਼ਤਾਰ ਕਰ ਲਿਆ ਹੈ।