ਮਾਨਸਾ, 26 ਜੂਨ
ਮਾਨਸਾ ਦੀ ਅਦਾਲਤ ਨੇ ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਸਹਿਯੋਗੀ ਜੋਗਿੰਦਰ ਸਿੰਘ ਉਰਫ਼ ਜੋਗਾ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜੋਗਿੰਦਰ ਸਿੰਘ (33) ’ਤੇ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਹਰਿਆਣਾ ਦੇ ਮਾਡਿਊਲ ਸ਼ੂਟਰਾਂ ਨੂੰ ਪਨਾਹ ਦੇਣ ਦਾ ਦੋਸ਼ ਹੈ। ਮਾਨਸਾ ਪੁਲੀਸ ਕੱਲ੍ਹ ਮੁਲਜ਼ਮ ਨੂੰ ਗੁਰੂਗ੍ਰਾਮ ਜੇਲ੍ਹ ਤੋਂ ਲਿਆਈ ਸੀ। ਜੋਗਿੰਦਰ ਸਿੰਘ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਉਸ ਵਿਰੁੱਧ ਲੁੱਟ-ਖੋਹ, ਡਕੈਤੀ, ਕਤਲ ਦੀ ਕੋਸ਼ਿਸ਼ ਅਤੇ ਜਬਰੀ ਵਸੂਲੀ ਸਮੇਤ 15 ਤੋਂ ਵੱਧ ਕੇਸ ਦਰਜ ਹਨ।
ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਡਾ. ਨਾਨਕ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਜੋਗਿੰਦਰ ਸਿੰਘ ਦੀ ਸ਼ਮੂਲੀਅਤ ਪਤਾ ਲੱਗਣ ਮਗਰੋਂ ਉਸ ਨੂੰ ਗੁਰੂਗ੍ਰਾਮ ਦੀ ਭੌਲਸੀ ਜੇਲ੍ਹ ਤੋਂ ਲਿਆਂਦਾ ਗਿਆ ਹੈ। ਪੁਲੀਸ ਅਨੁਸਾਰ ਜੋਗਾ ਨੇ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਵਾਲੇ ਹਰਿਆਣਾ ਮਾਡਿਊਲ ਦੇ ਸ਼ੂਟਰਾਂ ਪ੍ਰਿਆਵ੍ਰਤ ਫੌਜੀ, ਕਸ਼ਿਸ਼, ਅੰਕਿਤ ਸੇਰਸਾ ਤੇ ਦੀਪਕ ਮੁੰਡੀ ਨੂੰ ਹਿਸਾਰ ਦੀ ਉਕਲਾਨਾ ਮੰਡੀ ਵਿੱਚ ਪਨਾਹ ਦਿੱਤੀ ਸੀ। ਪੁਲੀਸ ਅਨੁਸਾਰ ਜੋਗਾ ਗੈਂਗਸਟਰ ਦੀਪਕ ਟੀਨੂੰ ਨਾਲ ਵੀ ਜੁੜਿਆ ਹੋਇਆ ਹੈ, ਜੋ ਮੂਸੇਵਾਲਾ ਕਤਲ ਕੇਸ ਵਿੱਚ ਮੁਲਜ਼ਮ ਹੈ ਅਤੇ ਮਾਨਸਾ ਦੇ ਸੀਆਈਏ ਦੀ ਹਿਰਾਸਤ ਵਿੱਚੋਂ ਵੀ ਭੱਜ ਗਿਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਜੋਗਾ ਨੇ ਟੀਨੂੰ ਦੀ ਸੀਆਈਏ ਦੀ ਹਿਰਾਸਤ ’ਚੋਂ ਭੱਜਣ ਵਿੱਚ ਵੀ ਮਦਦ ਕੀਤੀ ਸੀ। ਉਸ ਨੂੰ 1 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਪਹਿਲਾਂ ਉਹ ਫਰਾਰ ਚੱਲ ਰਿਹਾ ਸੀ।