ਪਟਿਆਲਾ/ਮਾਨਸਾ, 8 ਨਵੰਬਰ

ਮਾਨਸਾ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਹਿਰਾਸਤ ਵਿਚੋਂ ਫਰਾਰ ਹੋਏ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਦੀਪਕ ਟੀਨੂ ਦੇ ਫੜੇ ਜਾਣ ਮਗਰੋਂ ‘ਸਿਟ’ ਵੱਲੋਂ ਉਸ ਤੋਂ ਕੀਤੀ ਪੁੱਛਗਿੱਛ ਵਿਚ ਖੁਲਾਸਾ ਹੋਇਆ ਹੈ ਕਿ ਉਸ ਨੂੰ ਭਜਾਉਣ ਵਿਚ ਉਸ ਦੇ ਭਰਾ ਚਿਰਾਗ ਨੇ ਹੀ ਮੁੱਖ ਭੂਮਿਕਾ ਨਿਭਾਈ ਸੀ। ਇਸ ਦੌਰਾਨ ਟੀਨੂ ਨੂੰ ਫ਼ਰਜ਼ੀ ਪਾਸਪੋਰਟ ’ਤੇ ਨੇਪਾਲ ਦੇ ਰਸਤੇ ਵਿਦੇਸ਼ ਫਰਾਰ ਕਰਨ ਦੀ ਯੋਜਨਾ ਸੀ। ਚਿਰਾਗ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ 32 ਬੋਰ ਦੇ ਚਾਰ ਪਿਸਤੌਲਾਂ, 24 ਕਾਰਤੂਸਾਂ ਤੇ 2 ਗੱਡੀਆਂ ਸਮੇਤ ਕਾਬੂ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਚਿਰਾਗ ਨੂੰ ਹਰਿਆਣਾ ਦੇ ਹਿਸਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜੀਟੀਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਿਰਾਗ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ‘ਸਿਟ’ ਦੇ ਮੁਖੀ ਤੇ ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਅੱਜ ਇੱਥੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਇਸ ਮੌਕੇ ਹੋਰ ਪੁਲੀਸ ਅਧਿਕਾਰੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪਹਿਲਾਂ ਚਿਰਾਗ ਦੀਪਕ ਟੀਨੂ ਅਤੇ ਉਸ ਦੀ ਦੋਸਤ ਜਤਿੰਦਰ ਜੋਤੀ ਨੂੰ ਸੀਆਈਏ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਦੀ ਰਿਹਾਇਸ਼ ਦੇ ਬਾਹਰੋਂ ਰਾਜਸਥਾਨ ਲੈ ਕੇ ਗਿਆ ਸੀ ਜਿੱਥੇ ਉਸ ਨੇ ਦੋਵਾਂ ਨੂੰ ਵੱਖ-ਵੱਖ ਥਾਵਾਂ ’ਤੇ ਰੱਖਿਆ। ਦੱਸਣਯੋਗ ਹੈ ਕਿ ਟੀਨੂੰ ਦੇ ਇੱਕ ਹੋਰ ਭਰਾ ਬਿੱਟੂ ਨੂੰ ਵੀ ਦਿੱਲੀ ਪੁਲੀਸ ਵੱਲੋਂ ਫੜਿਆ ਗਿਆ ਹੈ। ਉਸ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਟੀਨੂ ਦੇ ਇਕ ਹੋਰ ਸਾਥੀ ਸਰਬਜੋਤ ਸਨੀ ਕੋਲੋਂ ਭਜਾਉਣ ਲਈ ਵਰਤੀ ਗਈ ਮਰਸਿਡੀਜ਼ ਗੱਡੀ ਤੇ ਪਿਸਤੌਲ ਬਰਾਮਦ ਹੋਇਆ ਹੈ। ਆਈਜੀ ਛੀਨਾ ਨੇ ਦੱਸਿਆ ਕਿ ਟੀਨੂ ਨੂੰ ਗ੍ਰਿਫ਼ਤਾਰ ਕਰਨ ਲਈ ਰਾਜਸਥਾਨ ਵਿਚ ਕਈ ਛਾਪੇ ਮਾਰੇ ਗਏ ਸਨ। ਇਸੇ ਦੌਰਾਨ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਟੀਨੂ ਅਤੇ ਉਸ ਦੇ ਭਰਾ ਬਿੱਟੂ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਦੀਪਕ ਟੀਨੂ ਕੋਲੋਂ ਅਸਲਾ ਤੇ ਹਥਿਆਰ ਵੀ ਬਰਾਮਦ ਹੋਏ ਸਨ। ਆਈਜੀ ਨੇ ਦੱਸਿਆ ਕਿ ਟੀਨੂ ਦੇ ਫਰਾਰ ਹੋਣ ਦੇ ਮਾਮਲੇ ’ਚ ਨਾਮਜ਼ਦ ਸਾਰੇ 9 ਜਣਿਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਟੀਨੂ 1-2 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਫਰਾਰ ਹੋਇਆ ਸੀ।