ਚੰਡੀਗੜ੍ਹ, 19 ਅਗਸਤ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਹੜ੍ਹ ਪੀੜਤਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹਿਣ ਦਾ ਦੋਸ਼ ਲਾਇਆ ਹੈ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਜਨਤਕ ਤੌਰ ’ਤੇ ਅਪਮਾਨ ਕਰਨ ਲਈ ਭਗਵੰਤ ਮਾਨ ਦੀ ਨਿਖੇਧੀ ਕਰਦਿਆਂ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਕੈਬਨਿਟ ਮੰਤਰੀ ਦੀ ਮਾਟਮੂਲੀ ਰੁਕਾਵ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਹੱਥ ਜੋੜਨ ਲਈ ਮਜਬੂਰ ਕੀਤਾ। ਇਹ ਭਗਵੰਤ ਮਾਨ ਦੇ ਹੰਕਾਰ ਦਾ ਸਿਖਰ ਹੈ।
ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਕਈ ਭਰੋਸਿਆਂ ਦੇ ਬਾਵਜੂਦ ਹੜ੍ਹ ਪੀੜਤ ‘ਆਪ’ ਸਰਕਾਰ ਦੀ ਮਦਦ ਤੋਂ ਵਾਂਝੇ ਰਹੇ। ਇੱਕ ਵਾਰ ਫਿਰ ਸਥਾਨਕ ਭਾਈਚਾਰੇ ਦੇ ਲੋਕ ਅਤੇ ਜਥੇਬੰਦੀਆਂ ਪੀੜਤਾਂ ਦੀ ਮਦਦ ਲਈ ਅੱਗੇ ਆਈਆਂ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਟਾਂਡਾ, ਦਸੂਹਾ ਅਤੇ ਮੁਕੇਰੀਆਂ ਦੇ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਸ਼ਾਂਤ ਕਰਨ ਵਿੱਚ ਅਸਫਲ ਰਹੇ। ਬਾਜਵਾ ਨੇ ਕਿਹਾ ਕਿ ਲੋਕ ਮੁੱਖ ਮੰਤਰੀ ਤੋਂ ਰਾਹਤ ਪੈਕੇਜ ਦਾ ਐਲਾਨ ਕਰਨ ਦੀ ਉਮੀਦ ਕਰ ਰਹੇ ਸਨ ਪਰ ਮੁੱਖ ਮੰਤਰੀ ਕੋਲ ਡਰਾਮਿਆਂ ਤੋਂ ਇਲਾਵਾ ਪੇਸ਼ ਕਰਨ ਲਈ ਕੁਝ ਨਹੀਂ ਸੀ। ਹਮੇਸ਼ਾ ਦੀ ਤਰ੍ਹਾਂ ਉਹ ਫ਼ੋਟੋਆਂ ਖਿਚਵਾਉਣ ਅਤੇ ਮਿੱਠੇ ਬਿਆਨਾਂ ’ਚ ਹੀ ਰੁੱਝੇ ਰਹੇ।