ਚੰਡੀਗੜ੍ਹ ,5 ਅਗਸਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਸ਼ੇਸ਼ ਮੁਹਿੰਮ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਦੀ ਸ਼ੁਰੂਆਤ ਕੀਤੀ। ਅੱਜ ਇੱਥੇ ਇੱਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਬਿਮਾਰੀ ਦੇ ਫੈਲਾਅ ਉਤੇ ਕਾਬੂ ਪਾਉਣ ਲਈ ਤਾਲਮੇਲ ਕਰ ਕੇ ਕੋਸ਼ਿਸ਼ਾਂ ਕੀਤੀਆਂ ਜਾਣ ਅਤੇ ਡੇਂਗੂ ਦੀ ਰੋਕਥਾਮ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਸੂਬੇ ਵਿੱਚ ਜ਼ਿਆਦਾਤਰ ਥਾਵਾਂ ਤੋਂ ਹੜ੍ਹਾਂ ਦਾ ਪਾਣੀ ਉਤਰ ਗਿਆ ਹੈ ਪਰ ਕਈ ਥਾਵਾਂ ਉਤੇ ਪਾਣੀ ਖੜ੍ਹਾ ਹੈ, ਜਿਹੜਾ ਮੱਛਰ ਦੇ ਪ੍ਰਜਣਨ ਦਾ ਸਥਾਨ ਬਣ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸ਼ਹਿਰੀ ਦੇ ਨਾਲ-ਨਾਲ ਪੇਂਡੂ ਇਲਾਕਿਆਂ ’ਚ ਦਵਾਈ ਦੇ ਛਿੜਕਾਅ ਲਈ ਵਿਆਪਕ ਪ੍ਰਬੰਧ ਕਰਨ ਅਤੇ ਲਾਰਵਾ ਦੀ ਚੈਕਿੰਗ ਲਈ ਮੁਲਾਜ਼ਮਾਂ ਦੀ ਤਾਇਨਾਤੀ ਵਧਾਈ ਜਾਵੇ।