ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਨ ਲਈ ਓ ਪੀ ਸੋਨੀ ਦੇ ਘਰ ਪੁੱਜੇ ਅੰਮ੍ਰਿਤਸਰ ਦੇ ਵਪਾਰੀ
ਕਿਹਾ- ਕੇਵਲ ਕਿਰਸਾਨੀ ਨਹੀਂ ਬਲਕਿ ਸਮੁੱਚੇ ਪੰਜਾਬ ਨੂੰ ਡੁੱਬਣ ਤੋਂ ਬਚਾਇਆ ਹੈ ਮੁੱਖ ਮੰਤਰੀ ਨੇ
ਅੰਮ੍ਰਿਤਸਰ, 22 ਅਕਤੂਬਰ

-ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਵਿਰੁੱਧ ਮੁੱਖ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਵਿਚ ਲਏ ਗਏ ਇਤਹਾਸਕ ਫੈਸਲਿਆਂ ਦਾ ਵਪਾਰ ਮੰਡਲ ਅੰੰਮ੍ਰਿਤਸਰ ਨੇ ਜ਼ੋਰਦਾਰ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ ਹੈ। ਅੱਜ ਵਪਾਰ ਮੰਡਲ ਦੇ ਅਹੁਦੇਦਾਰ ਅਤੇ ਹੋਰ ਵਪਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਆਪਣੇ ਧੰਨਵਾਦੀ ਸਬਦ ਪਹੁੰਚਾਉਣ ਲਈ ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਦੇ ਘਰ ਪੁੱਜੇ। ਇਸ ਮੌਕੇ ਸ੍ਰੀ ਓ ਪੀ ਸੋਨੀ ਨਾਲ ਗੱਲਬਾਤ ਕਰਦੇ ਵਪਾਰੀਆਂ ਨੇ ਕਿਹਾ ਕਿ ਜਿਸ ਤਰਾਂ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਸਟੈਂਡ ਲਿਆ ਹੈ, ਉਸ ਤਰਾਂ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਨੇ ਕਰਨ ਦਾ ਹੌਸਲਾ ਨਹੀਂ ਕੀਤਾ। ਉਨਾਂ ਕਿਹਾ ਕਿ ਕੇਂਦਰ ਦੇ ਲਿਆਂਦੇ ਕਾਲੇ ਕਾਨੂੰਨਾਂ ਨਾਲ ਨਾ ਕੇਵਲ ਪੰਜਾਬ ਦੀ ਕਿਸਾਨੀ ਬਲਕਿ ਸਮੁੱਚੇ ਪੰਜਾਬ ਦਾ ਉਜਾੜਾ ਯਕੀਨੀ ਸੀ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇਸ ਦੀ ਆਰਥਿਕਤਾ ਖੇਤੀ ਖੇਤਰ ਨਾਲ ਸਿੱਧੇ ਤੌਰ ਉਤੇ ਜੁੜੀ ਹੋਈ ਹੈ। ਜਦੋਂ ਕਿਸਾਨ ਦੀ ਫਸਲ ਚੰਗੀ ਹੁੰਦੀ ਹੈ ਤਾਂ ਬਾਜ਼ਾਰ ਵਿਚ ਰੌਣਕ ਵੱਧ ਜਾਂਦੀ ਹੈ ਅਤੇ ਚੰਗਾ ਵਪਾਰ ਹੋਣ ਕਾਰਨ ਸਾਰੀਆਂ ਧਿਰਾਂ ਦੇ ਚੁੱਲੇ ਸੌਖੇ ਬਲਦੇ ਹਨ ਅਤੇ ਜਿਸ ਵਾਰ ਫਸਲ ਉਤੇ ਕੋਈ ਕੁਦਰਤੀ ਕਰੋਪੀ ਪਵੇ ਤਾਂ ਇਸ ਦਾ ਅਸਰ ਸਾਰੇ ਕਾਰੋਬਾਰ ਉਤੇ ਪੈਂਦਾ ਹੈ।
   ਵਪਾਰੀਆਂ ਨੇ ਕਿਹਾ ਕਿ ਕੇਂਦਰ ਦੇ ਕਾਨੂੰਨਾਂ ਨਾਲ ਇਕ ਤਾਂ ਪੰਜਾਬ ਦੇ ਕਿਸਾਨਾਂ ਦੀ ਲੁੱਟ ਹੋਣ ਸੀ ਅਤੇ ਦੂਸਰਾ ਇਕ ਖਪਤਕਾਰ ਵਜੋਂ ਸਾਰੇ ਲੋਕਾਂ ਨੂੰ ਖਾਣ-ਪੀਣ ਦੀ ਵਸਤਾਂ ਵੱਡੇ ਕਾਰੋਬਾਰੀਆਂ ਨੇ ਮਨਚਾਹੇ ਮੁੱਲ ਉਤੇ ਵੇਚ ਕੇ ਗਾਹਕ ਦੀ ਲੁੱਟ ਕਰਨੀ ਸੀ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਨ 2004 ਵਿਚ ਪਾਣੀ ਦੇ ਮੁੱਦੇ ਉਤੇ ਲਏ ਸਖਤ ਫੈਸਲੇ ਵਾਂਗ ਮੁੜ 16 ਸਾਲ ਬਾਅਦ ਇਤਹਾਸ ਦੁਹਰਾ ਕੇ ਸਿੱਧ ਕਰ ਦਿੱਤਾ ਹੈ ਕਿ ਉਹ ਪੰਜਾਬ ਦੀ ਕਿਰਸਾਨੀ ਲਈ ਕੁੱਝ ਵੀ ਕਰ ਸਕਦੇ ਹਨ।
      ਇਸ ਮੌਕੇ ਸ੍ਰੀ ਸੋਨੀ ਨੇ ਵਪਾਰੀਆਂ ਨੂੰ ਜੀ ਆਇਆਂ ਆਖਦੇ ਹੋਏ ਕਿਹਾ ਕਿ ਤੁਹਾਡੇ ਵੱਲੋਂ ਮਿਲਿਆ ਪਿਆਰ ਤੇ ਸਤਿਕਾਰ ਉਹ ਮੁੱਖ ਮੰਤਰੀ ਨਾਲ ਸਾਂਝਾ ਕਰਨਗੇ। ਉਨਾਂ ਵਪਾਰੀਆਂ ਨੂੰ ਖੁਸ਼ਖਬਰੀ ਦਿੰਦੇ ਦੱਸਿਆ ਕਿ ਤੁਹਾਡੇ ਵੱਲੋਂ 2014 ਦੇ ਵੈਟ ਸਬੰਧੀ ਆਏ 70 ਹਜ਼ਾਰ ਦੇ ਕਰੀਬ ਨੋਟਿਸਾਂ ਦਾ ਮਾਮਲਾ ਮੈਂ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਸੀ, ਜਿੰਨਾ ਨੇ ਇਸਨੂੰ ਛੇਤੀ ਵਾਪਸ ਲੈਣ ਦਾ ਯਕੀਨ ਵੀ ਦਿਵਾਇਆ ਹੈ। ਵਪਾਰ ਮੰਡਲ ਦੇ ਮੈਂਬਰਾਂ ਨੇ ਕਿਸਾਨਾਂ ਵੱਲੋਂ ਮਾਲ ਗੱਡੀਆਂ ਲਈ ਰਸਤਾ ਖੋਲਣ ਦੇ ਕੀਤੇ ਫੈਸਲਾ ਦਾ ਧੰਨਵਾਦ ਕਰਦੇ ਕਿਹਾ ਕਿ ਇਸ ਨਾਲ ਵਪਾਰ ਦੀ ਢੋਆ-ਢੁਆਈ ਅਸਾਨ ਹੋ ਸਕੇਗੀ। ਇਸਦੇ ਨਾਲ ਹੀ ਉਨਾਂ ਕਿਸਾਨ ਵੀਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਤਿਉਹਾਰਾਂ ਨੂੰ ਵੇਖਦੇ ਹੋਏ ਮੁਸਾਫਰ ਗੱਡੀਆਂ ਨੂੰ ਆਉਣ-ਜਾਣ ਦੀ ਖੁੱਲ ਵੀ ਦੇਣ ਤਾਂ ਜੋ ਵਪਾਰੀ ਲੋਕ ਆਪਣੇ ਕਾਰੋਬਾਰ ਸਬੰਧੀ ਦੇਸ਼ ਦੇ ਦੂਸਰੇ ਹਿੱਸਿਆਂ ਤੱਕ ਪਹੁੰਚ ਕਰ ਸਕਣ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਸ਼੍ਰੀ ਪਿਆਰਾ ਲਾਲ ਸੇਠ, ਮਹਾਂਮੰਤਰੀ ਸ਼੍ਰੀ ਸਮੀਰ ਜੈਨ, ਕੈਸ਼ੀਅਰ ਐਸ ਕੇ ਵਧਵਾ, ਅੰਮ੍ਰਿਤਸਰ  ਵਪਾਰ ਮੰਡਲ ਦੇ ਸ਼੍ਰੀ ਸੁਰਿੰਦਰ ਦੁੱਗਲ, ਜਨਰਲ ਸਕੱਤਰ ਰਾਕੇਸ਼ ਠੁਕਰਾਲ, ਸ਼੍ਰੀ ਅਨਿਲ ਕਪੂਰ ਅਤੇ ਸ਼੍ਰੀ ਧਰਮਵੀਰ ਸਰੀਨ ਵੀ ਹਾਜ਼ਰ ਸਨ।