ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਜੰਗ ‘ਚ ਜੂਝਣ ਵਾਲੇ 40 ਮੁਕਤਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਉਨ੍ਹਾਂ ਟਵੀਟ ਕਰ ਕਿਹਾ ਕਿ “ਖਿਦਰਾਣੇ ਦੀ ਢਾਬ, ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਜੰਗ ‘ਚ ਜੂਝਣ ਵਾਲੇ 40 ਮੁਕਤਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ, ਮਹਾਨ ਸ਼ਹੀਦਾਂ ਨੂੰ ਸਮਰਪਿਤ ਮਾਘੀ ਦੇ ਜੋੜ ਮੇਲ ਮੌਕੇ ਗੁਰੂ ਚਰਨਾਂ ‘ਚ ਨਤਮਸਤਕ ਹੋਣ ਆ ਰਹੀਆਂ ਸਮੂਹ ਸਿੱਖ ਸੰਗਤਾਂ ਦਾ ਦਿਲੋਂ ਸਤਿਕਾਰ”

ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਮਾਘੀ ਮੇਲਾ ਸ਼ੁਰੂ ਹੋ ਗਿਆ ਹੈ। ਮਾਘੀ ਮੇਲੇ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੁਕਤਸਰ ਪਹੁੰਚੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਮੁਕਤਸਰ ਸਾਹਿਬ ਵਿੱਚ ਮਾਘੀ ਮੇਲੇ ਵਿੱਚ ਸ਼ਿਰਕਤ ਕਰਨਗੇ। ਉਹ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣਗੇ। ਫਿਰ ਉਹ ਇੱਕ ਰੈਲੀ ਵਿੱਚ ਸ਼ਾਮਲ ਹੋਣਗੇ ਅਤੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਵੀ ਮਾਘੀ ਦੇ ਦਿਹਾੜੇ ’ਤੇ ਰਾਜਨੀਤਕ ਕਾਨਫ਼ਰੰਸ ਕੀਤੀ ਜਾ ਰਹੀ ਹੈ, ਜਿਸ ਵਿਚ ਕੇਂਦਰੀ ਅਤੇ ਸੂਬੇ ਦੇ ਆਗੂ ਪਹੁੰਚ ਰਹੇ ਹਨ।

ਲੋਹੜੀ ਰਾਤ ਤੋਂ ਹੀ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ ਸੀ, ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਪ੍ਰਕਿਰਿਆ ਸਵੇਰ ਤੋਂ ਜਾਰੀ ਹੈ। ਸ਼ਰਧਾਲੂ ਅੱਧੀ ਰਾਤ ਨੂੰ ਪਹੁੰਚਣੇ ਸ਼ੁਰੂ ਹੋ ਗਏ ਸਨ, ਅਤੇ ਇਸ ਸਮੇਂ ਦੌਰਾਨ, ਘੱਟੋ-ਘੱਟ ਤਾਪਮਾਨ 2 ਤੋਂ 3 ਸੀ। ਸੰਗਤ ਨੇ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ। ਸੰਗਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਦਾਤਨਸਰ ਸਾਹਿਬ, ਗੁਰਦੁਆਰਾ ਤਰਨਤਾਰਨ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਵਿਚ ਵੀ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ।