ਚੰਡੀਗੜ੍ਹ : ਭਾਰਤ ਨੇ ਟੀ-20 ਵਰਲਡ ਕੱਪ ਵਿੱਚ ਪਾਕਿਸਤਾਨ ਨੂੰ 61 ਦੌੜਾਂ ਨਾਲ ਹਰਾ ਦਿੱਤਾ। ਟੂਰਨਾਮੈਂਟ ਦੇ ਇਤਿਹਾਸ ਵਿੱਚ ਦੌੜਾਂ ਦੇ ਲਿਹਾਜ਼ ਨਾਲ ਪਾਕਿਸਤਾਨ ਵਿਰੁੱਧ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਸੁਪਰ-8 ਰਾਊਂਡ ਲਈ ਕੁਆਲੀਫਾਈ ਕਰ ਲਿਆ ਹੈ। ਟੀਮ ਲਗਾਤਾਰ 3 ਜਿੱਤਾਂ ਦੇ ਨਾਲ ਗਰੁੱਪ-ਏ ਦੀ ਅੰਕ ਸੂਚੀ ਵਿੱਚ ਪਹਿਲੇ ਸਥਾਨ ‘ਤੇ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ” ਭਾਰਤ ਨੇ ਕੱਲ੍ਹ ਟੀ-20 ਵਰਲਡ ਕੱਪ ਦੇ ਮੈਚ ਦੌਰਾਨ ਪਾਕਿਸਤਾਨ ਨੂੰ 61 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਲਗਾਤਾਰ ਤਿੰਨ ਮੈਚ ਜਿੱਤ ਕੇ ਗਰੁੱਪ-ਏ ਦੀ ਅੰਕ ਸੂਚੀ ਵਿੱਚ ਸਿਖਰ ‘ਤੇ ਪਹੁੰਚ ਗਈ ਹੈ ਅਤੇ ਸੁਪਰ-8 ਰਾਊਂਡ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣੀ ਹੈ। ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ। ਤੁਸੀਂ ਸਾਰੇ ਦੇਸ਼ ਦਾ ਮਾਣ ਹੋ।”

ਦੱਸ ਦਈਏ ਕਿ ਭਾਰਤੀ ਟੀਮ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 175 ਦੌੜਾਂ ਬਣਾਈਆਂ ਸਨ। ਈਸ਼ਾਨ ਕਿਸ਼ਨ ਨੇ 40 ਗੇਂਦਾਂ ‘ਤੇ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ 10 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਕਪਤਾਨ ਸੂਰਿਆਕੁਮਾਰ ਯਾਦਵ ਨੇ 32 ਦੌੜਾਂ ਦਾ ਯੋਗਦਾਨ ਪਾਇਆ।

ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨੀ ਟੀਮ 18 ਓਵਰਾਂ ਵਿੱਚ 114 ਦੌੜਾਂ ‘ਤੇ ਆਲ-ਆਊਟ ਹੋ ਗਈ। ਉਸਮਾਨ ਖਾਨ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ ਅਤੇ ਹਾਰਦਿਕ ਪੰਡਿਆ ਨੇ 2-2 ਵਿਕਟਾਂ ਝਟਕਾਈਆਂ।

ਇਸ ਵਾਰ ਵੀ ਟਾਸ ਦੇ ਦੌਰਾਨ ਦੋਵਾਂ ਟੀਮਾਂ ਦੇ ਕਪਤਾਨਾਂ ਨੇ ਹੱਥ ਨਹੀਂ ਮਿਲਾਇਆ। ਭਾਰਤੀ ਖਿਡਾਰੀਆਂ ਨੇ ਪਿਛਲੇ ਸਾਲ ਏਸ਼ੀਆ ਕੱਪ ਦੌਰਾਨ ਵੀ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਸੀ। ਇਹ ਫੈਸਲਾ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਲਿਆ ਗਿਆ ਸੀ।