ਪਟਿਆਲਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਸ਼ਹਿਰ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਭਾਵੇਂ ਇਹ ਰਸਮੀ ਨਹੀਂ ਸੀ, ਪਰ ਅਜਿਹਾ ਆਗਾਜ਼ ਉਨ੍ਹਾਂ ਆਪਣੀ ਪਤਨੀ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਨਾਲ ਕੀਤਾ। ਭਾਵੇਂ ਪ੍ਰਨੀਤ ਕੌਰ ਦਾ ਉਮੀਦਵਾਰ ਵਜੋਂ ਰਸਮੀ ਐਲਾਨ ਅਜੇ ਹੋਣਾ ਹੈ, ਪਰ ਪਟਿਆਲਾ ਤੋਂ ਉਨ੍ਹਾਂ ਨੂੰ ਹੀ ਮੁੜ ਉਮੀਦਵਾਰ ਬਣਾਇਆ ਜਾਣਾ ਤੈਅ ਹੈ। ਉਹ ਪੰਜਵੀਂ ਵਾਰ ਮੈਦਾਨ ’ਚ ਕੁੱਦਣਗੇ। ਇਸੇ ਕੜੀ ਵਜੋਂ ਮੁੱਖ ਮੰਤਰੀ ਨੇ ਅੱੱਜ ਇਥੇ ਨਿਊੂ ਮੋਤੀ ਬਾਗ਼ ਪੈਲੇਸ ਵਿਚ ਲੋਕ ਸਭਾ ਹਲਕਾ ਪਟਿਆਲਾ ਨਾਲ ਸਬੰਧਿਤ ਮੰਤਰੀਆਂ, ਵਿਧਾਇਕਾਂ, ਹਲਕਾ ਇੰਚਾਰਜਾਂ ਤੇ ਹੋਰ ਪ੍ਰਮੁੱਖ ਆਗੂਆਂ ਨਾਲ ਮੀਟਿੰਗ ਕਰਕੇ ਚੋਣ ਚਰਚਾ ਕੀਤੀ।
ਇਸ ਦੌਰਾਨ ਮੀਡੀਆ ਨੂੰ ਸੱਦਾ ਨਹੀਂ ਸੀ ਦਿੱਤਾ, ਪਰ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਉਹ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਸਣੇ ਬਾਕੀ ਵਿਧਾਇਕਾਂ ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ ਸ਼ੁਤਰਾਣਾ, ਮਦਨ ਲਾਲ ਜਲਾਲਪੁਰ ਤੇ ਕਾਕਾ ਰਾਜਿੰਦਰ ਸਿੰਘ, ਡੇਰਾਬਸੀ ਤੇ ਸਨੌਰ ਦੇ ਹਲਕਾ ਇੰਚਾਰਜਾਂ ਦੀਪਿੰਦਰ ਢਿੱਲੋਂ ਤੇ ਹੈਰੀਮਾਨ ਨੂੰ ਮਿਲੇ। ਇਸ ਦੌਰਾਨ ਪ੍ਰਨੀਤ ਕੌਰ ਹਾਜ਼ਰ ਰਹੇ। ਮੁੱਖ ਮੰਤਰੀ ਨੇ ਹਲਕਾਵਾਰ ਮੀਟਿੰਗਾਂ, ਰੈਲੀਆਂ ਅਤੇ ਰੋਡ ਸ਼ੋਅ ਕਰਨ ਦੇ ਸੁਝਾਵਾਂ ’ਤੇ ਹਾਮੀ ਭਰੀ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ਼ ਜੋੜਨ ਅਤੇ ਵਰਕਰਾਂ ਨਾਲ਼ ਤਾਲਮੇਲ ਹੋਰ ਵਧਾਉਣ ਲਈ ਵੀ ਆਖਿਆ।
ਦੂਜੇ ਪੜਾਅ ਵਿਚ ਮੁੱਖ ਮੰਤਰੀ ਨੇ ਮੇਅਰ ਸੰਜੀਵ ਬਿੱਟੂ, ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ, ਕੇ.ਕੇ ਮਲਹੋਤਰਾ, ਕੇ.ਕੇ ਸਹਿਗਲ, ਸੁਰਿੰਦਰ ਸਿੰਘ ਘੁੰਮਣ ਤੇ ਜਸਵਿੰਦਰ ਜੁਲਕਾ ਆਦਿ ਨਾਲ਼ ਮੀਟਿੰਗ ਕੀਤੀ। ਕੁਝ ਆਗੂਆਂ ਨੇ ਅਧਿਕਾਰੀਆਂ ’ਤੇ ਵਰਕਰਾਂ ਦੀ ਗੱਲ ਨਾ ਸੁਣਨ ਦੇ ਦੋਸ਼ ਲਾਏ। ਕਾਂਗਰਸੀ ਆਗੂ ਕੇ.ਕੇ ਸਹਿਗਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਸਬੰਧੀ ਸਿੱਖ ਸਫ਼ਾਂ ਵਿਚਲੇ ਰੋਸ ਤੇ ਸਿੱਟ ਦੀ ਜਾਂਚ ’ਤੇ ਲੋਕਾਂ ਦੀ ਸੰਤੁਸ਼ਟੀ ਬਾਰੇ ਗੱਲ ਕੀਤੀ। ਸਹਿਗਲ ਨੇ ਇੰਪਰੂਵਮੈਂਟ ਟਰੱਸਟ ਵੱੱਲੋਂ ਟੈਕਸ ਆਦਿ ’ਚ ਲੋਕਾਂ ਨੂੰ ਰਾਹਤ ਦੇਣ ਦਾ ਸੁਝਾਅ ਪੇਸ਼ ਕੀਤਾ। ਮੁੱਖ ਮੰਤਰੀ ਨੇ ਮੇਅਰ ਸੰਜੀਵ ਬਿੱਟੂ ਤੋਂ ਵਿਕਾਸ ਕਾਰਜਾਂ ਦੀ ਰਿਪੋਰਟ ਲਈ ਤੇ ਵਧੇਰੇ ਸਰਗਰਮ ਹੋਣ ਦੀ ਤਾਕੀਦ ਵੀ ਕੀਤੀ। ਉਨ੍ਹਾਂ ਨੇ ਕਾਂਗਰਸ ਦੀ ਸ਼ਹਿਰੀ ਇਕਾਈ ਪਟਿਆਲਾ ਦੀ ਡਾਇਰੈਕਟਰੀ ਵੀ ਰਿਲੀਜ਼ ਕੀਤੀ ਗਈ।