ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਰਾਤ ਨੂੰ ਪੰਜਾਬ ਭਵਨ ਦੇ ਸਾਹਮਣੇ ਵਾਲਾ ਗੇਟ ਬੰਦ ਪਾਇਆ ਗਿਆ, ਜਿਸ ਕਾਰਨ ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਦੇ ਕਾਫਲੇ ਨੂੰ 15 ਮਿੰਟ ਇੰਤਜ਼ਾਰ ਕਰਨਾ ਪਿਆ।

ਦਰਅਸਲ, ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਆਪਣੇ ਸਾਥੀ ਮੋਹਿਤ ਸੋਨੀ ਦੇ ਵਿਆਹ ਦੀ ਰਿਸੈਪਸ਼ਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ। ਇਸ ਦੌਰਾਨ ਮਨੋਹਰ ਲਾਲ ਖੱਟਰ ਅਤੇ ਨਾਇਬ ਸੈਣੀ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਪਹੁੰਚੇ। ਦੇਰ ਰਾਤ ਜਦੋਂ ਮਨੋਹਰ ਲਾਲ ਖੱਟਰ ਹਰਿਆਣਾ ਨਿਵਾਸ ਰਹਿਣ ਲਈ ਚਲੇ ਗਏ, ਤਾਂ ਪੰਜਾਬ ਭਵਨ ਦਾ ਗੇਟ ਬੰਦ ਪਾਇਆ ਗਿਆ। ਨਾਇਬ ਸੈਣੀ ਵੀ ਖੱਟਰ ਨੂੰ ਛੱਡਣ ਲਈ ਹਰਿਆਣਾ ਨਿਵਾਸ ਜਾ ਰਹੇ ਸੀ। 15 ਮਿੰਟਾਂ ਬਾਅਦ, ਪੰਜਾਬ ਗਾਰਡ ਲੱਭ ਗਿਆ ਅਤੇ ਗੇਟ ਖੋਲ੍ਹਿਆ ਗਿਆ। ਚੰਡੀਗੜ੍ਹ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੂਜੇ ਪਾਸੇ, ਸਾਬਕਾ ਸੰਸਦ ਮੈਂਬਰ ਕਿਸ਼ਨ ਕਪੂਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਨ ਲਈ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਪਹੁੰਚੇ ਸੀਐਮ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਫਲਾ ਪੰਜਾਬ ਭਵਨ ਦੇ ਨੇੜੇ ਰੁਕ ਗਿਆ ਸੀ ਕਿਉਂਕਿ ਉੱਥੇ ਸੁਰੱਖਿਆ ਵਿੱਚ ਕੁਝ ਸਮੱਸਿਆ ਸੀ। ਹਾਲਾਂਕਿ, ਸਮੱਸਿਆ ਦਾ ਤੁਰੰਤ ਹੱਲ ਹੋ ਗਿਆ ਅਤੇ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਉੱਥੇ ਸੁਰੱਖਿਆ ਪ੍ਰਬੰਧ ਵਧਾਉਣ ਦੀ ਗੱਲ ਵੀ ਕੀਤੀ, ਤਾਂ ਜੋ ਕਿਸੇ ਨੂੰ ਵੀ ਕੋਈ ਸਮੱਸਿਆ ਨਾ ਆਵੇ।