ਚੰਡੀਗੜ, 3 ਫਰਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਆਰੰਭੀ ਗਈ ਇੱਕ ਸਾਂਝੀ ਮੁਹਿੰਮ ਨੇ ਜ਼ਿਲਾ ਫਾਜ਼ਿਲਕਾ ਵਿੱਚ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪ੍ਰਭਾਵਿਤ ਪਿੰਡਾਂ ਤੋਂ ਟਿੱਡੀਆਂ ਦਾ ਪੂਰੀ ਤਰਾਂ ਸਫਾਇਆ ਕਰ ਦਿੱਤਾ ਹੈ।
ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਵਿੱਤ ਕਮਿਸ਼ਨਰ (ਵਿਕਾਸ) ਵਿਸ਼ਵਜੀਤ ਖੰਨਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਿੰਡ ਰੂਪਨਗਰ ਅਤੇ ਬਰੇਕਾ ਵਿੱਚ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੀ ਨਿਗਰਾਨੀ ਵਿਚ ਲਗਭਗ 12 ਘੰਟਿਆਂ ਦਾ ਅਭਿਆਨ ਚਲਾਇਆ ਗਿਆ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਖੰਨਾ ਨੇ ਮੁੱਖ ਮੰਤਰੀ ਦੇ ਆਦੇਸ਼ਾਂ ’ਤੇ ਅਮਲ ਕਰਦਿਆਂ ਖੇਤੀਬਾੜੀ ਵਿਭਾਗ ਦੇ ਸਕੱਤਰ ਕੇ.ਐਸ ਪੰਨੂੰ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਦੋਵਾਂ ਪਿੰਡਾਂ ਵਿੱਚ ਟਿੱਡੀਆਂ ਦੇ ਝੁੰਡਾਂ ਦੇ ਹਮਲੇ ਨਾਲ ਨਜਿੱਠਣ ਲਈ ਜ਼ਮੀਨੀ ਪੱਧਰ ’ਤੇ ਇੱਕ ਪ੍ਰਭਾਵਸ਼ਾਲੀ ਕਾਰਜ ਮੁਖੀ ਰਣਨੀਤੀ ਤਿਆਰ ਕੀਤੀ ਜਾਵੇ।
ਸ੍ਰੀ ਖੰਨਾ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਕਿਹਾ ਕਿ ਉਹ ਟਿੱਡੀਆਂ ਦੀ ਮਾਰ ਹੇਠ ਆਏ ਇਨਾਂ ਪਿੰਡਾਂ ਚੋਂ ਟਿੱਡੀਆਂ ਦੇ ਖਾਤਮੇ ਹਿੱਤ ਸੁਚੱਜੀ ਯੋਜਨਾਬੰਦੀ ਕਰਨ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਨਿੱਜੀ ਤੌਰ ’ਤੇ ਅਭਿਆਨ ਦੀ ਨਿਗਰਾਨੀ ਕਰਨ। ਇਸ ਤੋਂ ਬਾਅਦ ਡੀ.ਸੀ ਫਾਜ਼ਿਲਕਾ ਨੇ ਇਸ ਸਬੰਧ ਵਿਚ ਵਿੱਢੀਆਂ ਯੋਜਨਾਵਾਂ ਦਾ ਜਾਇਜ਼ਾ ਲੈਣ ਸਬੰਧੀ ਦੇਰ ਰਾਤ ਸਾਰੇ ਜ਼ਿਲਾ ਪੱਧਰੀ ਭਾਈਵਾਲ ਵਿਭਾਗਾਂ ਦੀ ਮੀਟਿੰਗ ਕੀਤੀ।
ਇਸ ਦੌਰਾਨ ਸ੍ਰੀ ਪੰਨੂੰ ਨੇ ਐਤਵਾਰ ਰਾਤ 9 ਵਜੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ ਅਤੇ ਚਿਤਾਵਨੀ ਜਾਰੀ ਕੀਤੀ। ਉਨਾਂ ਸਾਰੇ ਸਬੰਧਤ ਅਧਿਕਾਰੀਆਂ ਨੂੰ ਐਮਰਜੈਂਸੀ ਡਿਊਟੀ ’ਤੇ ਨਿਯੁਕਤ ਕੀਤਾ ਅਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਅਤੇ ਸੰਯੁਕਤ ਡਾਇਰੈਕਟਰ ਨੂੰ ਫਾਜ਼ਿਲਕਾ ਜ਼ਿਲੇ ਵਿੱਚ ਟਿੱਡੀ ਦਲ ਦੇ ਹਮਲੇ ਤੋਂ ਪ੍ਰਭਾਵਿਤ ਥਾਵਾਂ ਦਾ ਤੁਰੰਤ ਦੌਰਾ ਕਰਨ ਲਈ ਕਿਹਾ। ਅਬੋਹਰ ਪਹੁੰਚਣ ’ਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੇ ਸਵੇਰੇ 5 ਵਜੇ ਅਧਿਕਾਰੀਆਂ ਨਾਲ ਵਿਸਥਾਰਤ ਚਰਚਾ ਕੀਤੀ ਅਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਬੀ.ਐਸ.ਐਫ., ਫਾਇਰ ਬਿ੍ਰਗੇਡ, ਖੇਤੀਬਾੜੀ ਅਤੇ ਬਾਗਬਾਨੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਫਾਜ਼ਿਲਕਾ ਜ਼ਿਲੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਕਿਸਾਨਾਂ ਨਾਲ ਮਿਲ ਕੇ ਸਾਂਝੀ ਮੁਹਿੰਮ ਦੀ ਕਮਾਨ ਸੰਭਾਲੀ।
ਸਾਰੀਆਂ ਟੀਮਾਂ ਨੂੰ ਕੀਟਨਾਸ਼ਕਾਂ ਦੀ ਕਾਫੀ ਮਾਤਰਾ ਮੁਹੱਈਆ ਕਰਵਾਈ ਗਈ। ਟਿੱਡੀ ਦਲ ਨੂੰ ਕਾਬੂ ਕਰਨ ਲਈ ਬੂਮਰ ਸਪਰੇਅ, ਟਰੈਕਟਰ ਸਵਾਰ ਉੱਚ ਰਫਤਾਰ ਸਪਰੇਅ ਅਤੇ ਫਾਇਰ ਬਿ੍ਰਗੇਡ ਵਾਹਨ ਦੀ ਵਰਤੋਂ ਕੀਤੀ ਗਈ। ਇਹ ਮੁਹਿੰਮ ਟਿੱਡੀ ਦਲ ਦੇ ਮੁਕੰਮਲ ਖਾਤਮੇ ਨਾਲ ਅੱਜ ਸਵੇਰੇ 10 ਵਜੇ ਸਮਾਪਤ ਹੋਈ।
ਕਾਬਲੇਗੌਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਦੱਖਣੀ ਪੰਜਾਬ ਦੇ ਗੁਆਂਢੀ ਇਲਾਕਿਆਂ ਵਿਚ ਟਿੱਡੀ ਦਲ ਵੱਲੋਂ ਫਸਲਾਂ ’ਤੇ ਹਮਲਿਆਂ ਦਾ ਮੁੱਦਾ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾ ਚੁੱਕੇ ਹਨ। ਉਨਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਨੂੰ ਤੁਰੰਤ ਇਸ ਮਾਮਲੇ ਨੂੰ ਪਾਕਿਸਤਾਨ ਸਰਕਾਰ ਕੋਲ ਉਠਾਉਣ ਲਈ ਨਿਰਦੇਸ਼ ਦੇਣ, ਜਿੱਥੋਂ ਇਹ ਟਿੱਡੀ ਦਲ ਭਾਰਤ ਵਿੱਚ ਦਾਖਲ ਹੋ ਰਿਹਾ ਹੈ।