ਚੰਡੀਗੜ੍ਹ, 31 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਚੋਣਾਂ ਲਈ ਬਰਨਾਲਾ ਜ਼ਿਲ੍ਹੇ ਦੇ ਭਦੌੜ (ਰਾਖਵੇਂ) ਹਲਕੇ ਤੋਂ ਨਾਮਜ਼ਦਗੀ ਪਰਚੇ ਭਰੇ ਹਨ। ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਮਗਰੋਂ ਸ੍ਰੀ ਚੰਨੀ ਨੇ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਲੜਨ ਦਾ ਨਿਰਦੇਸ਼ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇਲਾਕਾ ਵਿਕਾਸ ਪੱਖੋਂ ਕਾਫੀ ਪੱਛੜਿਆ ਹੋਇਆ ਹੈ ਅਤੇ ਉਹ ਇੱਕ ਖਾਸ ਮਕਸਦ ਨਾਲ ਇੱਥੇ ਆਏ ਹਨ। ਉਨ੍ਹਾਂ ਨੇ ਇਲਾਕੇ ਦੇ ਵਿਕਾਸ ਦਾ ਵਾਅਦਾ ਕਰਦਿਆਂ ਕਿਹਾ, ‘‘ਹਾਲਾਂਕਿ, ਅਮਰਿੰਦਰ ਸਿੰਘ ਅਤੇ ਬਾਦਲ ਸਾਹਬ (ਪ੍ਰਕਾਸ਼ ਸਿੰਘ ਬਾਦਲ) ਸੂੁਬੇ ਦੇ ਮੁੱਖ ਮੰਤਰੀ ਰਹੇ, ਪਰ ਇਸ ਦੇ ਬਾਵਜੂਦ ਇਲਾਕੇ ’ਚ ਵਿਕਾਸ ਦੀ ਘਾਟ ਦਿੱਸ ਰਹੀ ਹੈ।’’ ਚੰਨੀ ਕਿਹਾ ਕਿ ਉਹ ‘ਸੁਦਾਮਾ’ ਵਾਂਗ ਇੱਥੇ ਆਏ ਹਨ ਅਤੇ ਉਮੀਦ ਹੈ ਕਿ ਮਾਲਵਾ ਖੇਤਰ ਦੇ ਲੋਕ ‘ਭਗਵਾਨ ਕ੍ਰਿਸ਼ਨ’ ਵਾਂਗ ਉਨ੍ਹਾਂ ਦਾ ਖਿਆਲ ਰੱਖਣਗੇ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਵੀ ਉਨ੍ਹਾਂ ਦੇ ਨਾਲ ਸਨ।