ਕੁੱਟਿਆ ਮੁੱਖ ਮੰਤਰੀ ਰੱਜ ਰੱਜ ਕੇ
ਹੁਣ ਮਾਫ਼ੀ ਮੰਗਦੇ ਗੱਜ ਵੱਜ਼ ਕੇ
ਬਲਬੀਰ ਸਿੰਘ ਬੱਬੀ
ਬੀਤੇ ਚਾਰ ਪੰਜ ਕੁ ਦਿਨ ਪਹਿਲਾਂ ਗੋਇੰਦਵਾਲ ਸਾਹਿਬ ਦੇ ਨਜਦੀਕ ਪੈਂਦੇ ਪਿੰਡ, ਜਿੱਥੋਂ ਦਾ ਮੁੱਖ ਮੰਤਰੀ ਨਾਂ ਦਾ ਮੁੰਡਾ ਸੋਸ਼ਲ ਮੀਡੀਆ ਉੱਤੇ ਮਸ਼ਹੂਰ ਹੈ ਉਸੇ ਮੁੱਖ ਮੰਤਰੀ ਦਾ ਕੁੱਤੇ ਪਿੱਛੇ ਝਗੜੇ ਵਿੱਚ ਗੋਇਦਵਾਲ ਸਾਹਿਬ ਥਾਣੇ ਤੋਂ ਆਏ ਹੋਏ ਦੋ ਪੁਲਿਸ ਮੁਲਾਜ਼ਮਾਂ ਨੇ ਪੂਰੀ ਤਰ੍ਹਾਂ ਬੇਕਿਰਕ ਹੋ ਕੇ ਡਾਂਗਾਂ ਨਾਲ ਰੱਜ ਕੇ ਕੁਟਾਪਾ ਕੀਤਾ ਤੇ ਉਸ ਨੂੰ ਵਾਲਾਂ ਤੋਂ ਫੜ ਕੇ ਧੂਹ ਘੜੀਸ ਕੀਤੀ । ਇਹ ਵੀਡੀਓ ਤੁਰੰਤ ਹੀ ਸਮੁੱਚੀ ਦੁਨੀਆਂ ਦੇ ਵਿੱਚ ਵਾਇਰਲ ਹੋ ਗਈ ਉਸੇ ਵੇਲੇ ਤੋਂ ਹੀ ਮੁੱਖ ਮੰਤਰੀ ਫਿਰ ਚਰਚਾ ਵਿੱਚ ਆ ਗਿਆ। ਇਸ ਕੁੱਟਮਾਰ ਦੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਅਨੇਕਾਂ ਸਿੱਖ ਜਥੇਬੰਦੀਆਂ ਤੇ ਹੋਰ ਲੋਕਾਂ ਨੇ ਪੁਲਿਸ ਵਿਰੁੱਧ ਆਪਣਾ ਰੋਸ ਪ੍ਰਗਟ ਕਰਦਿਆਂ ਹੋਇਆਂ ਪੁਲਿਸ ਮੁਲਾਜ਼ਮਾਂ ਉੱਤੇ ਕੇਸ ਦਰਜ ਕਰਨ ਧਾਰਾ 295 ਵਰਗੀਆਂ ਧਾਰਾ ਲਾਉਣ ਦੀਆਂ ਗੱਲਾਂ ਬਾਤਾਂ ਕੀਤੀਆਂ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੇ ਨਾਲ ਖੜ ਕੇ ਉਸ ਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਗਿਆ।
ਪਰ ਅੱਜ ਇਕਦਮ ਹੀ ਇਸ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਗੋਇੰਦਵਾਲ ਸਾਹਿਬ ਤੋਂ ਹੀ ਬਾਬਾ ਮੇਜਰ ਸਿੰਘ ਸੋਢੀ ਦੇ ਯਤਨਾਂ ਸਦਕਾ ਇਨਾਂ ਦੋਵੇਂ ਹੀ ਪੁਲੀਸ ਮੁਲਾਜ਼ਮਾਂ, ਜਿਨਾਂ ਨੇ ਮੁੱਖ ਮੰਤਰੀ ਦੀ ਕੁੱਟਮਾਰ ਕੀਤੀ ਸੀ ਉਹਨਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਤੇ ਉਸਦੇ ਪਰਿਵਾਰ ਤੋਂ ਹੱਥ ਜੋੜ ਕੇ ਮੁਾਫੀ ਮੰਗ ਲਈ ਹੈ। ਮਾਫੀਨਾਮੇ ਵਿੱਚ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਕਿਹਾ ਹੈ ਕਿ ਸਾਨੂੰ ਇਸ ਦੇ ਪਿੰਡ ਤੋਂ ਹੀ ਸ਼ਿਕਾਇਤ ਪ੍ਰਾਪਤ ਹੋਈ ਸੀ ਤੇ ਅਸੀਂ ਉਸ ਸ਼ਿਕਾਇਤ ਦੇ ਆਧਾਰ ਉੱਤੇ ਇਸਦੀ ਕੁੱਟਮਾਰ ਕੀਤੀ ਹੈ। ਸਾਨੂੰ ਇਸ ਕੁੱਟਮਾਰ ਦੀ ਵੀਡੀਓ ਦੇਖ ਕੇ ਸ਼ਰਮਿੰਦਾ ਹੋਣਾ ਪਿਆ ਤੇ ਅਸੀਂ ਬਾਬਿਆਂ ਦੇ ਯਤਨਾਂ ਸਦਕਾ ਇਸ ਪਰਿਵਾਰ ਨਾਲ ਪਹੁੰਚ ਕਰਕੇ ਕੁੱਟਮਾਰ ਸਬੰਧੀ ਪਰਿਵਾਰ ਤੋਂ ਮੁਆਫੀ ਮੰਗ ਲਈ ਹੈ ਦੋਵਾਂ ਮੁਲਾਜ਼ਮਾਂ ਨੇ ਕਿਹਾ ਵੀ ਅੱਗੇ ਤੋਂ ਅਸੀਂ ਅਜਿਹਾ ਕਦੇ ਵੀ ਨਹੀਂ ਕਰਾਂਗੇ। ਜਿਵੇਂ ਮੁੱਖ ਮੰਤਰੀ ਦੀ ਕੁੱਟਮਾਰ ਦੀ ਵੀਡੀਓ ਚਰਚਾ ਵਿੱਚ ਸੀ ਇਸ ਤਰ੍ਹਾਂ ਹੁਣ ਇਹ ਮਾਫ਼ੀਨਾਮਾ ਵੀ ਚਰਚਾ ਵਿੱਚ ਹੈ।