ਲੰਡਨ, 30 ਜੂਨ
ਖੇਡ ਦੁਨੀਆ ਦੀ ਦਿੱਗਜ਼ ਖਿਡਾਰਨ ਅਤੇ ਮਹਿਲਾ ਮੁੱਕੇਬਾਜ਼ੀ ਵਿੱਚ ਭਾਰਤ ਦੀ ਪਹਿਲੀ ਓਲੰਪਿਕ ਤਗ਼ਮਾ ਜੇਤੂ ਮੇਰੀ ਕੋਮ ਨੂੰ ਦੱਖਣ-ਪੂਰਬੀ ਇੰਗਲੈਂਡ ਦੇ ਵਿੰਡਸਰ ਵਿੱਚ ਸਾਲਾਨਾ ਯੂਕੇ-ਇੰਡੀਅਨ ਐਵਾਰਡਜ਼ ਸਮਾਰੋਹ ਦੌਰਾਨ ‘ਗਲੋਬਲ ਇੰਡੀਅਨ ਆੲੀਕਨ ਆਫ ਦਿ ਯੀਅਰ’ ਐਵਾਰਡ ਦਿੱਤਾ ਗਿਆ। ਰਾਜ ਸਭਾ ਦੀ ਸਾਬਕਾ ਸੰਸਦ ਮੈਂਬਰ ਮੇਰੀ ਕੋਮ (40) ਨੇ ਵੀਰਵਾਰ ਦੇਰ ਰਾਤ ਸਮਾਰੋਹ ਦੌਰਾਨ ਯੂਕੇ ਵਿੱਚ ਭਾਰਤੀ ਹਾੲੀ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਤੋਂ ਐਵਾਰਡ ਪ੍ਰਾਪਤ ਕਰਦਿਆਂ ਆਪਣੇ 20 ਸਾਲ ਦੇ ਸਖ਼ਤ ਮਿਹਨਤ ਦੇ ਸਫ਼ਰ ਬਾਰੇ ਗੱਲ ਕੀਤੀ। ੳੁਸ ਨੇ ਕਿਹਾ ਕਿ, ‘‘ਮੈਂ 20 ਸਾਲਾਂ ਤੋਂ ਸਖ਼ਤ ਮਿਹਨਤ ਕਰ ਰਹੀ ਹਾਂ, ਮੁੱਕੇਬਾਜ਼ੀ ਵਿੱਚ, ਆਪਣੀ ਜ਼ਿੰਦਗੀ ਵਿੱਚ ਜੀਅ-ਜਾਨ ਲਗਾ ਰਹੀ ਹਾਂ ਅਤੇ ਇਹ ਸਭ ਮੇਰੇ ਲੲੀ ਬਹੁਤ ਮਾਇਨੇ ਰੱਖਦਾ ਹੈ। ਮੈਂ ਸੱਚਮੁੱਚ ਇਸ ਸਨਮਾਨ ਲੲੀ ਦਿਲੋਂ ਧੰਨਵਾਦ ਕਰਦੀ ਹਾਂ।’’ ਆਸਕਰ ਲੲੀ ਨਾਮਜ਼ਦ ‘ਅੈਲਿਜ਼ਾਬੈੱਥ: ਦਿ ਗੋਲਡਨ ਏਜ਼’ ਦੇ ਨਿਰਮਾਤਾ ਸ਼ੇਖਰ ਕਪੂਰ ਨੂੰ ਯੂਕੇ-ਇੰਡੀਆ ਵੀਕ ਦੇ ਹਿੱਸੇ ਵਜੋਂ ਇੰਡੀਆ ਗਲੋਬਲ ਫੋਰਮ (ਆੲੀਜੀਐੱਫ) ਵੱਲੋਂ ਕਰਵਾਏ ਗਏ ਐਵਾਰਡ ਸਮਾਰੋਹ ਦੌਰਾਨ ਦੋਵਾਂ ਦੇਸ਼ਾਂ ਦੇ ਸਿਨੇਮਾ ਜਗਤ ਵਿੱਚ ਪਾਏ ਯੋਗਦਾਨ ਬਦਲੇ ‘ਲਾੲੀਫਟਾਈਮ ਅਚੀਵਮੈਂਟ ਐਵਾਰਡ’ ਦਿੱਤਾ ਗਿਆ। ਭਾਰਤੀ ਹਾੲੀ ਕਮਿਸ਼ਨ ਦੇ ਸੱਭਿਆਚਾਰਕ ਵਿੰਗ ਨਹਿਰੂ ਕੇਂਦਰ ਨੂੰ ਬਰਤਾਨੀਆ ਅਤੇ ਭਾਰਤ ਦੇ ਸਬੰਧਾਂ ’ਚ ਮਹੱਤਵਪੂਰਨ ਯੋਗਦਾਨ ਬਦਲੇ ‘ਯੂਕੇ-ਇੰਡੀਆ ਐਵਾਰਡ’ ਦਿੱਤਾ ਗਿਆ।